ਲੁਧਿਆਣਾ, 28 ਜੂਨ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਸਿਟੀ ਬੱਸ ਸਰਵਿਸ ਪ੍ਰੋਜੈਕਟ ਦੇ ਠੱਪ ਹੋਣ ਨੂੰ ਲੈ ਕੇ ਲੁਧਿਆਣਾ ਨਗਰ ਨਿਗਮ ਨੂੰ ਘੇਰਦਿਆਂ ਕਿਹਾ ਕਿ ਸਿਟੀ ਬੱਸ ਪ੍ਰੋਜੈਕਟ ਦਾ ਵੱਡੇ ਪੱਧਰ ’ਤੇ ਪ੍ਰਚਾਰ ਤਾਂ ਕੀਤਾ ਗਿਆ, ਪਰ ਲੰਬਾ ਸਮਾਂ ਸਰਵਿਸ ਦੇਣ ਵਿਚ ਫ਼ੇਲ੍ਹ ਸਾਬਤ ਹੋਈ ਹੈ। ਨਗਰ ਨਿਗਮ ਨੇ ਸ਼ਹਿਰੀ ਆਵਾਜਾਈ ਨੂੰ ਇਕ ਵਾਰ ਦਿਖਾਵੇ ਵਾਲੇ ਪ੍ਰੋਜੈਕਟ ਤੱਕ ਹੀ ਸੀਮਤ ਰੱਖਿਆ, ਜਦਕਿ ਇਸ ਨੂੰ ਨਿਰੰਤਰ ਚੱਲਣ ਵਾਲੀ ਪਬਲਿਕ ਸਰਵਿਸ ਵਜੋਂ ਵਿਕਸਿਤ ਕੀਤਾ ਜਾਣਾ ਚਾਹੀਦਾ ਸੀ। ਉਨ੍ਹਾਂ ਨੇ ਯਾਦ ਦਿਵਾਇਆ ਕਿ ਜਨਵਰੀ 2015 ਵਿਚ ਜੇ.ਐਨ.ਐਨ.ਯੂ.ਆਰ.ਐਮ. (ਜਵਾਹਰ ਲਾਲ ਨਹਿਰੂ ਨੈਸ਼ਨਲ ਅਰਬਨ ਰਿਨਿਊਅਲ ਮਿਸ਼ਨ) ਤਹਿਤ ਲੁਧਿਆਣਾ ਦੀ ਸ਼ਹਿਰੀ ਆਵਾਜਾਈ ਨੂੰ ਆਧੁਨਿਕ ਬਣਾਉਣ ਲਈ ਸ਼ੁਰੂ ਹੋਇਆ ਇਹ ਪ੍ਰੋਜੈਕਟ ਅੱਜ ਅਰਾਜਕਤਾ ਵਿਚ ਬਦਲ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਖ਼ਮਿਆਜ਼ਾ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕ ਭੁਗਤ ਰਹੇ ਹਨ। ਹੰਬੜਾਂ ਰੋਡ ਸਥਿਤ ਡਿਪੂ ਵਿਚ ਕੂੜੇ-ਕਰਕਟ ਵਿਚਕਾਰ ਖੜ੍ਹੀਆਂ ਦਰਜਨਾਂ ਖ਼ਸਤਾ-ਹਾਲ ਬੱਸਾਂ ਨੂੰ ਦੇਖ ਕੇ ਲੋਕ ਨਗਰ ਨਿਗਮ ਨੂੰ ਲਾਹਨਤਾਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਜਨਵਰੀ, 2024 ਵਿਚ 9 ਸਾਲਾਂ ਦਾ ਠੇਕਾ ਖ਼ਤਮ ਹੋਣ ’ਤੇ ਨਗਰ ਨਿਗਮ ਨੂੰ ਕੋਈ ਬਦਲਵੀਂ ਯੋਜਨਾ ਤਿਆਰ ਕਰਨੀ ਚਾਹੀਦੀ ਸੀ। ਨਗਰ ਨਿਗਮ ਵਿਚ ਕਾਰਜਕੁਸ਼ਲਤਾ ਦੀ ਘਾਟ ਨੇ ਲੁਧਿਆਣਾ ਨੂੰ ਭਰੋਸੇਯੋਗ ਬੱਸ ਸਰਵਿਸ ਤੋਂ ਵਾਂਝਾ ਕਰ ਦਿੱਤਾ ਹੈ, ਜਿਸ ਸ਼ਹਿਰ ਨੂੰ ਸਾਫ਼-ਸੁਥਰੀ ਅਤੇ ਕੁਸ਼ਲ ਪਬਲਿਕ ਟਰਾਂਸਪੋਰਟ ਦੀ ਸਭ ਤੋਂ ਵੱਧ ਲੋੜ ਹੈ, ਉੱਥੇ ਨਗਰ ਨਿਗਮ ਦੀ ਲਾਪਰਵਾਹੀ ਨੇ ਤਰੱਕੀ ਨੂੰ ਖ਼ਾਤਮੇ ਵਿਚ ਬਦਲ ਦਿੱਤਾ ਹੈ। ਦੀਵਾਨ ਨੇ ਕਿਹਾ ਕਿ ਬਜ਼ੁਰਗ, ਨੌਜਵਾਨ, ਮਹਿਲਾਵਾਂ ਅਤੇ ਦਿਵਿਆਂਗ ਯਾਤਰੀ ਆਸਾਨੀ ਨਾਲ ਬੱਸ ਵਿਚ ਚੜ੍ਹ ਸਕਣੇ ਸਨ, ਜੋ ਕਿ ਅੱਜ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਲੋਕ-ਪੱਖੀ ਬੱਸ ਬੇੜੇ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਸਰਵਿਸ ਵਿਚ ਵਿਸਥਾਰ ਕਰਨ ਦੀ ਬਜਾਏ ਨਗਰ ਨਿਗਮ ਦੀ ਲਾਪਰਵਾਹੀ ਨੇ ਇਸ ਨੂੰ ਤਬਾਹ ਕਰ ਦਿੱਤਾ ਹੈ, ਜਿਸ ਕਾਰਨ ਯਾਤਰੀ ਹੁਣ ਅਸੁਰੱਖਿਅਤ ਅਤੇ ਓਵਰਲੋਡ ਵਿਕਲਪਾਂ ’ਤੇ ਨਿਰਭਰ ਹੋਣ ਲਈ ਮਜਬੂਰ ਹਨ।