ਲਾਡੋਵਾਲ, 28 ਜੂਨ (ਬਲਬੀਰ ਸਿੰਘ ਰਾਣਾ)-ਪਿੰਡ ਲਾਦੀਆਂ ਕਲਾਂ ਅਤੇ ਹਸਨਪੁਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੋ ਕਿਸਾਨ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਪੰਜਾਬ ਦੇ ਕਿਸਾਨਾਂ ਅਤੇ ਲੋਕ ਮੁੱਦਿਆਂ ਨੂੰ ਸਾਂਝੇ ਤੌਰ ’ਤੇ ਲੜਨ ਦੀ ਰਣਨੀਤੀ ਤਿਆਰ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਜਥੇਬੰਦੀ ਪੰਜਾਬ ਦੇ ਕੌਮੀ ਪ੍ਰਧਾਨ ਅਤੇ ਸਰਪੰਚ ਹਰਨੇਕ ਸਿੰਘ ਲਾਦੀਆਂ ਨੇ ਕਿਹਾ ਕਿ ਸਾਡੀਆਂ ਦੋਵੇਂ ਜਥੇਬੰਦੀਆਂ ਇਕਜੁੱਟ ਹੋ ਕੇ ਰਲ ਕੇ ਚੱਲਣਗੀਆਂ ਅਤੇ ਕਿਸਾਨਾਂ ਦੇ ਭਖਵੇਂ ਮੁੱਦਿਆਂ ਲਈ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਅਤੇ ਲੋੜ ਪਈ ਤਾਂ ਸਰਕਾਰਾਂ ਵਿਰੁੱਧ ਸੰਘਰਸ਼ ਵੀ ਸਾਂਝਾ ਹੀ ਵਿੱਢਣਗੇ। ਉਨ੍ਹਾਂ ਕਿਹਾ ਕਿ ਅੱਜ ਕਿਸਾਨੀ ਨਿਘਾਰ ਵੱਲ ਜਾ ਰਹੀ ਹੈ, ਸਰਕਾਰਾਂ ਕਿਸਾਨਾਂ ਦੀ ਬਾਂਹ ਫੜਨ ਦੀ ਬਜਾਏ ਉਨ੍ਹਾਂ ’ਤੇ ਜ਼ੁਲਮ ਢਾਉਣ ਲੱਗੀਆਂ ਹਨ, ਜਿਹੜਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਭਾਕਿਊ ਡਕੌਂਦਾ ਦੇ ਹਸਨਪੁਰ ਦੇ ਸੂਬਾ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਨੇ ਕਿਹਾ ਕਿ ਕਿਸਾਨਾਂ ਅਤੇ ਹੋਰਾਂ ਦੀ ਰੱਖਿਆ ਕਰਨ ਲਈ ਸਾਰੀਆਂ ਜਥੇਬੰਦੀਆਂ ਨੂੰ ਇਕ ਪਲੇਟਫਾਰਮ ਉਤੇ ਇਕੱਠੇ ਹੋ ਕੇ ਲੋਕਾਂ ਦਾ ਸੰਘਰਸ਼ ਲੜਨਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਵਾਇਆ ਜਾ ਸਕੇ। ਇਸ ਮੌਕੇ ਮੀਟਿੰਗ ਵਿਚ ਹਾਜ਼ਰੀਨ ਆਗੂਆਂ ਅਤੇ ਵਰਕਰਾਂ ਨੇ ਵੀ ਇਕਜੁੱਟ ਹੋ ਕੇ ਪੰਜਾਬ ਦੀ ਕਿਸਾਨਾਂ ਅਤੇ ਲੋਕਾਂ ਦੇ ਹੱਕਾਂ ਪ੍ਰਤੀ ਮਜ਼ਬੂਤੀ ਨਾਲ ਅੱਗੇ ਵਧਣ ਦਾ ਸੰਕਲਪ ਲਿਆ। ਇਸ ਮੌਕੇ ਕੌਮੀ ਪ੍ਰਧਾਨ ਹਰਨੇਕ ਸਿੰਘ ਲਾਦੀਆਂ, ਸੂਬਾ ਪ੍ਰਧਾਨ ਜਗਰੂਪ ਸਿੰਘ ਹਸਨਪੁਰ, ਸੂਬਾ ਮੀਤ ਪ੍ਰਧਾਨ ਜਸਪਾਲ ਸਿੰਘ ਜੱਸਾ, ਹਰਦੀਪ ਸਿੰਘ ਸਰਾਭਾ ਸੂਬਾ ਜਨਰਲ ਸਕੱਤਰ, ਨਿਸ਼ਾਨ ਸਿੰਘ, ਜਗਤਾਰ ਸਿੰਘ, ਮਾਨਜੋਤ ਸਿੰਘ, ਅਰਸ਼ਦੀਪ ਸਿੰਘ, ਬੂਟਾ ਸਿੰਘ, ਮਹਿੰਦਰ ਸਿੰਘ, ਜਗਜੀਤ ਸਿੰਘ, ਬਲਵਿੰਦਰ ਸਿੰਘ, ਗੁਰਜੰਟ ਸਿੰਘ, ਰਾਜਵੀਰ ਸਿੰਘ, ਸੁਰਿੰਦਰ ਸਿੰਘ, ਸਵਰਨ ਸਿੰਘ ਅਤੇ ਭਜਨ ਸਿੰਘ ਆਦਿ ਵੀ ਹਾਜ਼ਰ ਸਨ।