ਐੱਸ. ਏ. ਐੱਸ. ਨਗਰ, 31 ਦਸੰਬਰ (ਕਪਿਲ ਵਧਵਾ)-ਸਥਾਨਕ ਫੇਜ਼-5 ਵਿਖੇ ਬੀਤੇ ਦਿਨੀਂ ਸਾਬਕਾ ਵਧੀਕ ਐਡਵੋਕੇਟ ਜਨਰਲ ਕਿ੍ਸ਼ਨ ਕੁਮਾਰ ਗੋਇਲ ਦੀ ਪਤਨੀ ਅਸ਼ੋਕ ਕੁਮਾਰੀ ਗੋਇਲ ਦੀ ਘੁਸਪੈਠਾਂ ਵਲੋਂ ਹੱਤਿਆ ਕਰ ਦਿੱਤੀ ਗਈ ਸੀ, ਜਿਸ ਮਗਰੋਂ ਪੁਲਿਸ ਨੇ ਘਰ ਵਿਚ ਬੱਝੇ ਮਿਲੇ ਨੌਕਰ ਨੂੰ ਹਿਰਾਸਤ 'ਚ ਲੈ ਲਿਆ ਸੀ | ਇਸ ਘਟਨਾ ਮੌਕੇ ਵਕੀਲ ਗੋਇਲ ਆਪਣੀ ਧੀਆਂ ਨਾਲ ਮਸਕਟ ਵਿਖੇ ਸਨ ਅਤੇ ਇਸ ਮੰਦਭਾਗੀ ਘਟਨਾ ਦੀ ਸੂਚਨਾ ਮਿਲਣ ਉਪਰੰਤ ਉੇਹ ਅੱਜ ਸਵੇਰ ਹੀ ਵਾਪਸ ਆਏ ਸਨ | ਬੁੱਧਵਾਰ ਨੂੰ ਪੁਲਿਸ ਨੇ ਮਿ੍ਤਿਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਦੇ ਕਾਨੂੰਨੀ ਵਾਰਸਾਂ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਅਸ਼ੋਕ ਕੁਮਾਰੀ ਗੋਇਲ ਦਾ ਰੀਤੀ-ਰਸਮਾਂ ਨਾਲ ਮੁਹਾਲੀ ਵਿਖੇ ਅੰਤਿਮ ਸਸਕਾਰ ਕੀਤਾ ਗਿਆ | ਸੂਤਰਾਂ ਅਨੁਸਾਰ ਘਰ ਪਹੁੰਚ ਕੇ ਉਨ੍ਹਾਂ ਦੇਖਿਆ ਕਿ ਘਰ ਚੋਂ ਕਰੀਬ 40 ਤੋਲੇ ਸੋਨਾ ਅਤੇ 8 ਲੱਖ ਰੁ. ਦੀ ਨਕਦੀ ਗਾਇਬ ਹੈ | ਜ਼ਿਕਰਯੋਗ ਹੈ ਕਿ ਵਕੀਲ ਗੋਇਲ ਦੇ ਘਰ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਨੌਕਰ ਨੀਰਜ ਅਜੇ ਵੀ ਪੁਲਿਸ ਦੀ ਹਿਰਾਸਤ 'ਚ ਹੈ | ਪੁਲਿਸ ਸੂਤਰਾਂ ਅਨੁਸਾਰ ਉਸ 'ਤੇ ਸ਼ੱਕ ਦੀ ਸੂਈ ਹਾਲੇ ਵੀ ਖੜ੍ਹੀ ਹੈ ਪਰ ਉਸਦੀ ਇਸ ਵਾਰਦਾਤ ਵਿਚ ਸ਼ਮੂਲੀਅਤ ਦੇ ਪੁਖਤਾ ਸਬੂਤ ਹੱਥ ਨਹੀਂ ਲਗੇ ਹਨ, ਜਿਸ ਕਾਰਨ ਪੁਲਿਸ ਹਿਰਾਸਤ 'ਚ ਨੀਰਜ ਕੋਲੋਂ ਪੁੱਛਗਿੱਛ ਜਾਰੀ ਹੈ | ਸੀਨੀਅਰ ਪੁਲਿਸ ਅਧਿਕਾਰੀਆਂ ਨੇ ਉਕਤ ਨੌਕਰ ਦੀ ਅਧਿਕਾਰਿਤ ਗਿ੍ਫ਼ਤਾਰੀ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ | ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਬਾਕੀ ਦੋ ਨਕਾਬਪੋਸ਼ਾਂ, ਜੋ ਵਕੀਲ ਗੋਇਲ ਦੇ ਘਰ ਅੰਦਰ ਦਾਖਲ ਹੋਏ ਸਨ, ਦੀ ਵੀ ਪਛਾਣ ਕਰਨ ਲਈ ਕੋਸ਼ਿਸ਼ ਕਰ ਰਹੀ ਹੈ |