ਐੱਸ. ਏ. ਐੱਸ. ਨਗਰ, 5 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਵਲੋਂ ਅੱਜ ਰੂਰਲ ਹੈਲਥ ਟ੍ਰੇਨਿੰਗ ਸੈਂਟਰ (ਆਰ. ਐਚ. ਟੀ. ਸੀ.) ਸਨੇਟਾ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਰੂਰਲ ਹੈਲਥ ਟ੍ਰੇਨਿੰਗ ਸੈਂਟਰ ਵਿਖੇ ਡਾ. ਬੀ. ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ 'ਚ ਪੜ੍ਹ ਰਹੇ ਵਿਦਿਆਰਥੀ ਡਾਕਟਰ ਇੱਥੇ ਟ੍ਰੇਨਿੰਗ ਹਾਸਿਲ ਕਰਨਗੇ | ਉਨ੍ਹਾਂ ਦੱਸਿਆ ਕਿ ਇੱਥੇ ਹਮੇਸ਼ਾ ਪ੍ਰੋਫੈਸਰ ਅਤੇ ਡਾਕਟਰ ਮੌਜੂਦ ਰਹਿਣਗੇ ਅਤੇ ਇਥੇ ਲੋਕਾਂ ਲਈ ਮੈਡੀਕਲ ਸਹੂਲਤਾਂ ਵੀ ਉਪਲੱਬਧ ਹੋਣਗੀਆਂ | ਉਨ੍ਹਾਂ ਦੱਸਿਆ ਕਿ ਇਥੇ ਓ. ਪੀ. ਡੀ. ਚਾਲੂ ਹੋ ਚੁੱਕੀ ਹੈ, ਐਕਸ-ਰੇ ਮਸ਼ੀਨ ਵੀ ਲੱਗ ਚੁੱਕੀ ਹੈ ਅਤੇ ਡੈਂਟਲ ਕਲੀਨਿਕ ਵੀ ਖੁੱਲ ਚੁੱਕਾ ਹੈ | ਉਨ੍ਹਾਂ ਕਿਹਾ ਕਿ ਮੈਡੀਕਲ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਪਿੰਡਾਂ 'ਚ ਜਾ ਕੇ ਪਰਿਵਾਰਾਂ ਨਾਲ ਮਿਲਣਗੇ ਅਤੇ ਵੱਖ-ਵੱਖ ਬਿਮਾਰੀਆਂ ਅਤੇ ਸਮੱਸਿਆਵਾਂ ਬਾਰੇ ਜਾਣਕਾਰੀ ਇਕੱਤਰ ਕਰਨਗੇ ਅਤੇ ਮੌਕੇ 'ਤੇ ਹੀ ਉਨ੍ਹਾਂ ਨੂੰ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ | ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਮੁਹਾਲੀ ਹਲਕੇ ਦੇ ਲੋਕਾਂ ਨੂੰ ਦਿੱਤੀ ਗਈ ਇਹ ਵੱਡੀ ਸੌਗਾਤ ਹੈ | ਇਸ ਮੌਕੇ ਡਾ. ਨਵਦੀਪ ਸੈਣੀ ਡਾਇਰੈਕਟਰ ਪਿ੍ੰਸੀਪਲ ਏਮਜ਼ ਮੁਹਾਲੀ ਦੀ ਰਹਿਨੁਮਾਈ ਹੇਠ ਡਾ. ਨਵਦੀਪ ਸਿੰਘ, ਡਾ. ਅਮਿਤ ਕੌਰ ਵਿਰਕ ਹੈੱਡ ਆਫ਼ ਦ ਡਿਪਾਰਟਮੈਂਟ ਆਫ਼ ਕਮਿਊਨਿਟੀ ਮੈਡੀਸਨ, ਡਾ. ਅਕਸ਼ੈ ਕੁਮਾਰ ਅਸਿਸਟੈਂਟ ਪ੍ਰੋਫੈਸਰ, ਐਸ. ਐਮ. ਓ. ਡਾ. ਐਚ. ਐਸ. ਚੀਮਾ, ਐਸ. ਐਮ. ਓ. ਡਾ. ਪਰਮਿੰਦਰ ਸਿੰਘ ਤੋਂ ਇਲਾਵਾ ਕੁਲਦੀਪ ਸਿੰਘ ਸਮਾਣਾ, ਅਵਤਾਰ ਸਿੰਘ ਮੌਲੀ, ਰਜਿੰਦਰ ਪ੍ਰਸਾਦ ਸ਼ਰਮਾ, ਜਸਪਾਲ ਮਟੌਰ, ਗੁਰਦੇਸ਼ ਸਿੰਘ ਸਰਪੰਚ ਸਨੇਟਾ, ਨਿਰਮਲ ਸਿੰਘ ਸਨੇਟਾ, ਪਾਲ ਸਿੰਘ, ਰੂਪ ਚੰਦ, ਰਾਮੇਸ਼ਵਰ ਅਤੇ ਹਰਜਿੰਦਰ ਸਿੰਘ ਸਰਪੰਚ ਧੀਰਪੁਰ ਆਦਿ ਮੌਜੂਦ ਸਨ |