ਚੰਡੀਗੜ੍ਹ, 19 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) ਸੜਕਾਂ 'ਤੇ ਜ਼ਖ਼ਮੀ ਪਸ਼ੂਆਂ ਨੂੰ ਤੁਰੰਤ ਮਦਦ ਦੇਣ ਲਈ ਚੰਡੀਗੜ੍ਹ 'ਚ ਡੌਗ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਨਾਲ ਪਸ਼ੂਆਂ ਨੂੰ ਸਮੇਂ ਸਿਰ ਸਿਹਤ ਸਹਾਇਤਾ ਮਿਲ ਸਕੇਗੀ | ਇਸ ਖ਼ਾਸ ਐਂਬੂਲੈਂਸ ਨੂੰ ਅੱਜ ਸੈਕਟਰ 17 ਵਿਖੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਇਸ ਮੌਕੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਰਹੇ | ਇਹ ਐਂਬੂਲੈਂਸ ਐਮ.ਪੀ.ਐਲ.ਏ.ਡੀ. ਯੋਜਨਾ ਹੇਠ ਸੁਸਾਇਟੀ ਫ਼ਾਰ ਪਿ੍ਵੈਂਸ਼ਨ ਆਫ਼ ਕੁਆਲਿਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.), ਚੰਡੀਗੜ੍ਹ ਨੂੰ ਮੁਹੱਈਆ ਕਰਵਾਈ ਗਈ ਹੈ | ਇਸ ਸਹੂਲਤ ਨਾਲ ਸ਼ਹਿਰ ਭਰ 'ਚ ਬੇਸਹਾਰਾ ਅਤੇ ਬਿਮਾਰ ਪਸ਼ੂਆਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਸੇਵਾ ਮਿਲੇਗੀ | ਨਵੀਂ ਸੇਵਾ ਦੀ ਵਿਸ਼ੇਸ਼ਤਾ ਇਹ ਹੈ ਕਿ ਹੁਣ ਜ਼ਖ਼ਮੀ ਜਾਂ ਬਿਮਾਰ ਪਸ਼ੂਆਂ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਮੌਕੇ 'ਤੇ ਫ਼ਸਟ ਏਡ ਦਿੱਤੀ ਜਾ ਸਕੇਗੀ | ਇਸ ਨਾਲ ਗੰਭੀਰ ਹਾਲਤ ਵਾਲੇ ਪਸ਼ੂਆਂ ਦੀ ਜਾਨ ਬਚਾਉਣ ਦੇ ਮੌਕੇ ਵਧਣਗੇ ਅਤੇ ਇਲਾਜ ਦੀ ਪ੍ਰਕਿਰਿਆ ਹੋਰ ਤੇਜ਼ ਹੋਵੇਗੀ | ਇਸ ਪਹਿਲ ਨਾਲ ਸ਼ਹਿਰ ਦੇ ਨਿਵਾਸੀਆਂ ਨੂੰ ਵੀ ਵੱਡੀ ਰਾਹਤ ਮਿਲੇਗੀ, ਕਿਉਂਕਿ ਪਸ਼ੂਆਂ ਨਾਲ ਸੰਬੰਧਤ ਐਮਰਜੈਂਸੀ ਹਾਲਾਤਾਂ ਵਿਚ ਤੁਰੰਤ ਕਾਰਵਾਈ ਹੋ ਸਕੇਗੀ | ਨਾਲ ਹੀ, ਸੜਕਾਂ 'ਤੇ ਜ਼ਖ਼ਮੀ ਪਸ਼ੂਆਂ ਦੀ ਪੀੜਾ ਘਟੇਗੀ ਅਤੇ ਇਲਾਕਿਆਂ ਵਿਚ ਸੁਰੱਖਿਆ ਅਤੇ ਮਨੁੱਖਤਾ ਦਾ ਮਾਹੌਲ ਮਜ਼ਬੂਤ ਹੋਵੇਗਾ | ਇਸ ਮੌਕੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਇਕ ਸੰਵੇਦਨਸ਼ੀਲ ਸਮਾਜ ਦੀ ਪਹਿਚਾਣ ਇਸ ਗੱਲ ਨਾਲ ਹੁੰਦੀ ਹੈ ਕਿ ਉਹ ਬੇਸਹਾਰਾ ਜੀਵਾਂ ਨਾਲ ਕਿਵੇਂ ਦਾ ਵਤੀਰਾ ਕਰਦਾ ਹੈ | ਉਨ੍ਹਾਂ ਨੇ ਕਿਹਾ ਕਿ ਇਹ ਐਂਬੂਲੈਂਸ ਸੇਵਾ ਸ਼ਹਿਰ ਨੂੰ ਹੋਰ ਮਨੁੱਖੀ ਅਤੇ ਜ਼ਿੰਮੇਵਾਰ ਬਣਾਉਣ ਵੱਲ ਇੱਕ ਅਹਿਮ ਕਦਮ ਹੈ | ਸਮਾਗਮ ਦੌਰਾਨ ਐਸ.ਪੀ.ਸੀ.ਏ. ਦੀ ਮੈਨੇਜਿੰਗ ਕਮੇਟੀ ਦੇ ਮੈਂਬਰਾਂ, ਨਗਰ ਨਿਗਮ ਦੇ ਕੌਂਸਲਰਾਂ ਅਤੇ ਪਸ਼ੂ ਕਲਿਆਣ ਨਾਲ ਜੁੜੇ ਹੋਰ ਲੋਕਾਂ ਨੇ ਵੀ ਹਾਜ਼ਰੀ ਭਰੀ | ਇਸ ਤੋਂ ਇਲਾਵਾ ਪਸ਼ੂ ਕਲਿਆਣ ਦੀ ਸਰਗਰਮ ਸਮਰਥਕ ਇਨੇਕਾ ਤਿਵਾੜੀ ਨੇ ਵੀ ਇਸ ਮੌਕੇ 'ਤੇ ਸ਼ਿਰਕਤ ਕੀਤੀ ਅਤੇ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨੂੰ ਹੋਰ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ |