ਜ਼ੀਰਕਪੁਰ, 19 ਅਪ੍ਰੈਲ (ਮਨਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਲਈ ਕੀਤੀ ਵਾਰਡਬੰਦੀ ਵਿਚ ਅਨੁਸੂਚਿਤ ਜਾਤੀਆਂ ਲਈ ਕੀਤੇ ਰਾਖਵਾਂਕਰਨ ਦਾ ਅੱਜ ਬਲਟਾਣਾ ਵਿਖੇ ਅਨੁਸੂਚਿਤ ਜਾਤੀਆਂ, ਸ੍ਰੀ ਗੁਰੂ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ ਤੇ ਬੁੱਧੀ ਜੀਵੀਆ ਨੇ ਇਕ ਮੀਟਿੰਗ ਦੌਰਾਨ ਆਪਣਾ ਵਿਰੋਧ ਦਰਜ ਕਰਵਾਇਆ | ਇਸ ਮੀਟਿੰਗ ਵਿਚ ਸ਼ਾਮਿਲ ਅਹੁਦੇਦਾਰਾਂ ਨੇ ਕਿਹਾ ਕਿ ਜ਼ੀਰਕਪੁਰ ਵਿਖੇ 31 ਵਾਰਡਾਂ ' ਅਨਸੂਚਿਤ ਜਾਤੀਆਂ ਲਈ ਸਿਰਫ਼ 3 ਵਾਰਡ ਰਾਖਵੇਂ ਕੀਤੇ ਗਏ ਹਨ ਤੇ ਉਨ੍ਹਾਂ ਵਿਚ ਵੀ 1/3 ਫ਼ੀਸਦੀ ਵਿਚ 2 ਸੀਟਾਂ ਔਰਤਾਂ ਲਈ ਰਾਖਵੀਂ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਜ਼ੀਰਕਪੁਰ ਵਿਚ ਅਨਸੂਚਿਤ ਜਾਤੀਆਂ ਨਾਲ ਸਰੇਆਮ ਧੱਕਾ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਅੱਜ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਮਤਾ ਪਾਇਆ ਗਿਆ ਕਿ ਜ਼ੀਰਕਪੁਰ ਨਗਰ ਕੌਂਸਲ ਦੇ 31 ਵਾਰਡਾਂ 'ਚੋਂ 10 ਵਾਰਡ ਅਨੁਸੂਚਿਤ ਜਾਤੀਆਂ ਲਈ ਰਾਖਵੇਂਕਰਨ ਦੇ ਦਾਇਰੇ ਵਿਚ ਆਉਣੇ ਚਾਹੀਦੇ ਹਨ, ਪਰ ਘੱਟ ਸੀਟਾਂ ਕਰਕੇ ਹੀ ਹਾਊਸ ਦੀ ਮੀਟਿੰਗ ਵਿਚ ਅਨੁਸੂਚਿਤ ਜਾਤੀਆਂ ਦੀ ਆਵਾਜ਼ ਬੁਲੰਦ ਨਹੀ ਹੋ ਪਾ ਰਹੀ ਹੈ | ਇਸ ਮੌਕੇ ਸੰਗਠਨ ਵਲੋਂ ਇਹ ਵੀ ਦੋਸ਼ ਲਗਾਇਆ ਗਿਆ ਕਿ ਉਕਤ ਵਾਰਡਬੰਦੀ ਅਨੂਸੂਚਿਤ ਜਾਤੀਆਂ ਨਾਲ ਧੋਖਾ ਹੈ, ਕਿਉਂਕਿ ਜਿਸ ਵਾਰਡ 'ਚ 30 ਤੋਂ 50 ਪ੍ਰਤੀਸ਼ਤ ਆਬਾਦੀ ਪੱਛੜੀ ਸ੍ਰੇਣੀਆਂ ਦੀ ਹੈ, ਉਸ ਨੂੰ ਜਨਰਲ ਕਰਕੇ ਸਿਆਸੀ ਲਾਹਾ ਲੈਣ ਲਈ ਰਿਜ਼ਰਵ ਕੀਤਾ ਗਿਆ ਹੈ | ਇਸ ਸੰਬੰਧੀ ਸਭਾ ਦੇ ਮੈਂਬਰਾਂ ਨੇ ਫੈਸਲਾ ਲਿਆ ਕਿ 20 ਅਪ੍ਰੈਲ ਨੂੰ ਇਸ ਸੰਬੰਧੀ ਇਕ ਮੰਗ ਪੱਤਰ ਸੰਬੰਧਿਤ ਅਧਿਕਾਰੀਆਂ ਨੂੰ ਦਿੱਤਾ ਜਾਵੇਗਾ |