ਚੰਡੀਗੜ੍ਹ, 24 ਅਪ੍ਰੈਲ (ਅ.ਬ)-ਭਾਰਤ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਆਈ.ਵੀ.ਐਫ. (ਇਨ ਵਿਟਰੋ ਫਰਟੀਲਾਈਜੇਸ਼ਨ) ਦੀ ਮੰਗ ਵਿਚ ਕਾਫ਼ੀ ਤੇਜ਼ੀ ਆਈ ਹੈ, ਜਿਸ ਦੇ ਪਿੱਛੇ ਕਈ ਅਹਿਮ ਕਾਰਨ ਹਨ | ਸਭ ਤੋਂ ਵੱਡਾ ਕਾਰਨ ਅੱਜਕੱਲ੍ਹ ਵਿਆਹ ਦੀ ਉਮਰ ਵਿਚ ਹੋ ਰਿਹਾ ਵਾਧਾ ਹੈ | ਚੰਡੀਗੜ੍ਹ ਦੇ ਜਿੰਦਲ ਆਈ.ਵੀ.ਐਫ. ਦੀ ਸੀਨੀਅਰ ਕੰਸਲਟੈਂਟ ਅਤੇ ਆਈ.ਵੀ.ਐਫ. ਮਾਹਿਰ ਡਾ. ਸ਼ੀਤਲ ਜਿੰਦਲ ਨੇ ਦੱਸਿਆ ਕਿ ਪਹਿਲਾਂ ਜਿੱਥੇ ਕੁੜੀਆਂ ਦਾ ਵਿਆਹ ਆਮ ਤੌਰ 'ਤੇ 18 ਤੋਂ 19 ਸਾਲ ਦੀ ਉਮਰ ਵਿਚ ਹੋ ਜਾਂਦਾ ਸੀ, ਹੁਣ ਇਹ ਉਮਰ ਵੱਧ ਕੇ 31 ਤੋਂ 40 ਸਾਲ ਤੱਕ ਪਹੁੰਚ ਗਈ ਹੈ | ਇਸ ਕਾਰਨ ਮਹਿਲਾਵਾਂ ਦੀ ਪ੍ਰਜਨਨ ਸਮਰੱਥਾ 'ਤੇ ਅਸਰ ਪੈਂਦਾ ਹੈ, ਕਿਉਂਕਿ ਉਮਰ ਵੱਧਣ ਨਾਲ ਓਵਰੀਆ ਦੀ ਸਮਰੱਥਾ ਘਟਣ ਲੱਗਦੀ ਹੈ | ਇਸੇ ਲਈ ਕਈ ਮਹਿਲਾਵਾਂ ਆਪਣੇ ਕਰੀਅਰ ਨੂੰ ਪਹਿਲ ਦਿੰਦੀਆਂ ਹਨ ਅਤੇ ਪ੍ਰੈਗਨੈਂਸੀ ਨੂੰ ਬਾਅਦ ਲਈ ਟਾਲ ਦਿੰਦੀਆਂ ਹਨ, ਜਿਸ ਨਾਲ ਆਈ.ਵੀ.ਐਫ. ਦੀ ਲੋੜ ਵੱਧ ਰਹੀ ਹੈ | ਇਸ ਤੋਂ ਇਲਾਵਾ ਪੀ.ਸੀ.ਓ.ਡੀ (ਪੌਲੀਸਿਸਟਿਕ ਓਵਰੀ ਡਿਜੀਜ਼) ਦੀ ਸਮੱਸਿਆ ਅਤੇ ਮੋਟਾਪੇ ਵਿਚ ਵਾਧਾ ਵੀ ਆਈ.ਵੀ.ਐਫ. ਦੀ ਮੰਗ ਨੂੰ ਵਧਾ ਰਹੇ ਹਨ | ਬਦਲਦੇ ©ਲਾਈਫਸਟਾਈਲ, ਖਾਣ-ਪੀਣ ਦੀਆਂ ਆਦਤਾਂ ਵਿਚ ਤਬਦੀਲੀ ਅਤੇ ਵਧਦਾ ਵਜ਼ਨ, ਖਾਸ ਕਰਕੇ ਪੀ.ਸੀ.ਓ.ਡੀ. ਵਾਲੀਆਂ ਮਹਿਲਾਵਾਂ ਵਿਚ, ਹਾਰਮੋਨਲ ਅਸੰਤੁਲਨ ਪੈਦਾ ਕਰਦੇ ਹਨ, ਜਿਸ ਨਾਲ ਬਾਂਝਪਨ ਦੀ ਸਮੱਸਿਆ ਵਧਦੀ ਹੈ | ਆਈ.ਵੀ.ਐਫ. ਦੇ ਖੇਤਰ ਵਿਚ ਹਾਲ ਹੀ ਵਿਚ ਕਈ ਨਵੀਆਂ ਤਕਨੀਕਾਂ ਆਈਆਂ ਹਨ, ਜਿਨ੍ਹਾਂ ਨਾਲ ਸਫ਼ਲਤਾ ਦਰ ਵਿਚ ਸੁਧਾਰ ਆਇਆ ਹੈ ਅਤੇ ਸਮਾਜਿਕ ਸੋਚ ਵੀ ਬਦਲੀ ਹੈ | ਪਹਿਲਾਂ ਆਈ.ਵੀ.ਐਫ. ਨੂੰ ਇਕ ਟੈਬੂ ਮੰਨਿਆ ਜਾਂਦਾ ਸੀ, ਪਰ ਹੁਣ ਲੋਕ ਖੁੱਲ੍ਹੇ ਤੌਰ 'ਤੇ ਦੱਸਦੇ ਹਨ ਕਿ ਉਨ੍ਹਾਂ ਦੇ ਬੱਚੇ ਆਈ.ਵੀ.ਐਫ. ਰਾਹੀਂ ਹੋਏ ਹਨ |