ਡੇਰਾਬੱਸੀ, 24 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪਿ੍ੰ. ਵਿਨੀਤਾ ਰਾਓ ਦੀ ਅਗਵਾਈ 'ਚ 'ਪ੍ਰਾਜੈਕਟ ਜ਼ਿੰਦਗੀ ਜ਼ਿੰਦਾਬਾਦ-ਨਸ਼ੇ ਨੂੰ ਨਾ, ਜ਼ਿੰਦਗੀ ਨੂੰ ਹਾਂ' ਵਿਸ਼ੇ ਤਹਿਤ ਇਕ ਪ੍ਰਭਾਵਸ਼ਾਲੀ ਭਾਸ਼ਣ ਮੁਕਾਬਲਾ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਅਲਾਮਤ ਵਿਰੁੱਧ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਸਾਰਥਿਕ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਸੀ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਹਿਬ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਨਸ਼ਿਆਂ ਦੇ ਮਾਰੂ ਪ੍ਰਭਾਵਾਂ 'ਤੇ ਚਾਨਣਾ ਪਾਇਆ ਅਤੇ ਜੀਵਨ ਨੂੰ ਸੁਚੱਜੇ ਢੰਗ ਨਾਲ ਜਿਊਣ ਦੇ ਅਹਿਮ ਨੁਕਤੇ ਸਾਂਝੇ ਕੀਤੇ | ਸਮਾਗਮ ਦੌਰਾਨ ਮੰਚ ਦਾ ਸੰਚਾਲਨ ਪ੍ਰੋ. ਅਵਤਾਰ ਸਿੰਘ ਵਲੋਂ ਬਾਖ਼ੂਬੀ ਕੀਤਾ ਗਿਆ | ਕਾਲਜ ਦੇ ਵੱਖ-ਵੱਖ ਕੋਰਸਾਂ ਦੇ 22 ਵਿਦਿਆਰਥੀਆਂ ਨੇ ਇਸ ਮੁਕਾਬਲੇ 'ਚ ਹਿੱਸਾ ਲਿਆ | ਇਸ ਦੌਰਾਨ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਜਾਗਰੂਕਤਾ, ਸੋਸ਼ਲ ਮੀਡੀਆ ਦੇ ਪ੍ਰਭਾਵ, ਪੰਜਾਬ ਦੇ ਪਾਣੀਆਂ ਅਤੇ ਸਿੱਖਿਆ ਨੀਤੀ ਵਰਗੇ ਗੰਭੀਰ ਵਿਸ਼ਿਆਂ 'ਤੇ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਜੱਜਾਂ ਦੀ ਭੂਮਿਕਾ ਸਾਹਿਬ ਸਿੰਘ ਅਤੇ ਵਾਈਸ ਪਿ੍ੰ. ਪ੍ਰੋ. ਰਾਜਬੀਰ ਕੌਰ ਵਲੋਂ ਬਾਖ਼ੂਬੀ ਨਿਭਾਈ ਗਈ |