ਪੰਚਕੂਲਾ, 25 ਅਪ੍ਰੈਲ (ਕਪਿਲ)-ਪੰਚਕੂਲਾ ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਅੱਜ ਅੰਤਿਮ ਦਿਨ ਕੌਂਸਲਰਾਂ ਸਮੇਤ ਮੇਅਰ ਦੇ ਅਹੁਦੇ ਲਈ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਗਏ | ਅੱਜ ਇਨੈਲੋ ਦੇ ਮੇਅਰ ਦੇ ਅਹੁਦੇ ਲਈ ਉਮੀਦਵਾਰ ਮਨੋਜ ਅਗਰਵਾਲ ਵਲੋਂ ਵੀ ਆਪਣੇ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਗਏ | ਇਸ ਮੌਕੇ ਇਨੈਲੋ ਦੇ ਸੀਨੀਅਰ ਆਗੂ ਅਭੈ ਸਿੰਘ ਚੌਟਾਲਾ ਉਚੇਚੇ ਤੌਰ 'ਤੇ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਨਾਮਜ਼ਦਗੀ ਪ੍ਰਕਿਰਿਆ 'ਚ ਭਾਗ ਲਿਆ | ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਇਨੈਲੋ ਵਲੋਂ ਤਿੰਨਾਂ ਥਾਵਾਂ 'ਤੇ ਮੇਅਰ ਦੇ ਅਹੁਦੇ ਲਈ ਉਮੀਦਵਾਰ ਖੜ੍ਹੇ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਇਨੈਲੋ ਚੋਣਾਂ 'ਚ ਵਿਕਾਸ ਨੂੰ ਮੁੱਖ ਮੁੱਦਾ ਬਣਾਏਗੀ ਅਤੇ ਜਲਦੀ ਹੀ ਆਪਣਾ ਚੋਣ ਮੈਨੀਫੈਸਟੋ ਜਾਰੀ ਕਰੇਗੀ | ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਇਨੈਲੋ ਦੀ ਮੇਅਰ ਸੀਮਾ ਚੌਧਰੀ ਸੱਤਾ 'ਚ ਸੀ, ਉਦੋਂ ਹੀ ਸ਼ਹਿਰ ਦੇ ਹਰ ਵਾਰਡ 'ਚ ਵਿਕਾਸੀ ਕਾਰਜ ਹੋਏ ਸਨ ਅਤੇ ਭਵਿੱਖ 'ਚ ਵੀ ਇਸੇ ਤਰ੍ਹਾਂ ਵਿਕਾਸ ਕਾਰਜ ਜਾਰੀ ਰੱਖੇ ਜਾਣਗੇ |