ਪੰਚਕੂਲਾ, 25 ਅਪ੍ਰੈਲ (ਕਪਿਲ)-ਨਗਰ ਨਿਗਮ ਆਮ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦੇ ਤੀਜੇ ਦਿਨ ਵੀਰਵਾਰ ਨੂੰ ਇਕ ਉਮੀਦਵਾਰ ਨੇ ਵਾਰਡ ਮੈਂਬਰ ਲਈ ਨਾਮਜ਼ਦਗੀ ਭਰੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਧਿਕਾਰੀ-ਕਮ-ਐਸ. ਡੀ. ਐਮ. ਕਾਲਕਾ ਸੰਯਮ ਗਰਗ ਨੇ ਦੱਸਿਆ ਕਿ ਰਾਜੇਸ਼ ਕੁਮਾਰ ਨੇ ਵਾਰਡ ਨੰ. 10 ਤੋਂ ਆਜ਼ਾਦ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਸਹਾਇਕ ਰਿਟਰਨਿੰਗ ਅਧਿਕਾਰੀ-ਕਮ-ਜ਼ਿਲ੍ਹਾ ਅੰਕੜਾ ਅਧਿਕਾਰੀ ਸੁਨੀਲ ਜਾਖੜ ਨੂੰ ਪੇਸ਼ ਕੀਤੀ | ਉਨ੍ਹਾਂ ਦੱਸਿਆ ਕਿ ਅੱਜ ਦੀ ਨਾਮਜ਼ਦਗੀ ਤੋਂ ਬਾਅਦ ਕੁੱਲ ਨਾਮਜ਼ਦਗੀਆਂ ਕਰਨ ਵਾਲੇ ਉਮੀਦਵਾਰਾਂ ਦੀ ਗਿਣਤੀ 5 ਹੋ ਗਈ ਹੈ, ਜਿਨ੍ਹਾਂ 'ਚ 3 ਪੁਰਸ਼ ਤੇ 2 ਮਹਿਲਾ ਉਮੀਦਵਾਰ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਵਾਰਡ ਨੰ. 19 ਪਿਛੜਾ ਵਰਗ-ਏ ਦੀਆਂ ਮਹਿਲਾਵਾਂ ਲਈ, ਵਾਰਡ ਨੰਬਰ 18 ਪਿਛੜਾ ਵਰਗ-ਬੀ ਦੀਆਂ ਮਹਿਲਾਵਾਂ ਲਈ, ਵਾਰਡ ਨੰ. 7 ਅਤੇ 17 ਅਨੁਸੂਚਿਤ ਜਾਤੀ ਲਈ, ਵਾਰਡ ਨੰ. 16 ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਲਈ, ਵਾਰਡ ਨੰ. 1, 2, 11 ਤੇ 15 ਆਮ ਵਰਗ ਦੀਆਂ ਮਹਿਲਾਵਾਂ ਲਈ ਅਤੇ ਵਾਰਡ ਨੰ. 3, 4, 5, 6, 8, 9, 10, 12, 13, 14 ਅਤੇ 20 ਆਮ ਸ਼੍ਰੇਣੀ ਲਈ ਰਾਖਵੇਂ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਮੇਅਰ ਅਤੇ ਵਾਰਡ ਮੈਂਬਰਾਂ ਲਈ ਨਾਮਜ਼ਦਗੀ ਪੱਤਰ 25 ਅਪ੍ਰੈਲ ਤੱਕ ਹਰ ਕਾਰਜ ਦਿਵਸ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਨਿਰਧਾਰਤ ਸਥਾਨਾਂ 'ਤੇ ਰਿਟਰਨਿੰਗ ਅਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਕੋਲ ਜਮ੍ਹਾਂ ਕਰਵਾਏ ਜਾ ਸਕਦੇ ਹਨ |