ਝੱਖੜੇ ਤੇ ਮੀਂਹ ਕਾਰਨ ਮੁਹਾਲੀ 'ਚ ਜਨ-ਜੀਵਨ ਹੋਇਆ ਬੁਰੀ ਤਰ੍ਹਾਂ ਪ੍ਰਭਾਵਿਤ <br/>
ਅਜੀਤ ਡੈਸਕ
04-05-2026
ਐਮ.ਡੀ. ਕਾਲੋਨੀ 'ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਲੱਖਾਂ ਦੇ ਉਪਕਰਨ ਨੁਕਸਾਨੇ
ਕੁਰਾਲੀ, (ਹਰਪ੍ਰੀਤ ਸਿੰਘ)- ਸ਼ਹਿਰ ਦੇ ਚੰਡੀਗੜ੍ਹ ਮਾਰਗ 'ਤੇ ਸਥਿਤ ਐਮ. ਡੀ. ਕਲੋਨੀ ਦੇ ਦੋ ਘਰਾਂ ਉੱਤੇ ਅਸਮਾਨੀ ਬਿਜਲੀ ਡਿੱਗ ਗਈ ਜਿਸ ਕਾਰਨ ਘਰਾਂ 'ਚ ਲੱਗੇ ਟੀ. ਵੀ., ਇਨਵੇਰਟਰ ਤੇ ਏ. ਸੀ. ਸਮੇਤ ਹੋਰ ਬਿਜਲੀ ਦੇ ਉਪਕਰਨ ਨੁਕਸਾਨੇ ਗਏ | ਅਸਮਾਨੀ ਬਿਜਲੀ ਡਿੱਗਣ ਦਾ ਇੰਨਾ ਜ਼ੋਰਦਾਰ ਧਮਾਕਾ ਹੋਇਆ ਕਿ ਉਸ ਦੀ ਆਵਾਜ਼ ਸ਼ਹਿਰ ਤੋਂ ਬਾਹਰ ਤੱਕ ਸੁਣਾਈ ਦਿੱਤੀ | ਇਸੇ ਦੌਰਾਨ ਸੁਖਵਿੰਦਰ ਕੌਰ ਨੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਬਿਜਲੀ ਦੀਆਂ ਕਈ ਤਾਰਾਂ 'ਚੋਂ ਅੱਗ ਨਿਕਲਣ ਕਾਰਨ ਪਰਿਵਾਰ ਦੇ ਜੀਅ ਘਬਰਾ ਗਏ ਤੇ ਘਰ ਤੋਂ ਬਾਹਰ ਦੌੜ ਗਏ | ਪਰਿਵਾਰਕ ਮੈਂਬਰਾਂ ਅਨੁਸਾਰ ਬਿਜਲੀ ਡਿੱਗਣ ਕਾਰਨ ਘਰ ਵਿਚਲੇ ਕਰੀਬ 1 ਲੱਖ ਰੁ. ਦੇ ਬਿਜਲੀ ਉਪਕਰਨ ਨੁਕਸਾਨੇ ਗਏ | ਇਸੇ ਤਰ੍ਹਾਂ ਹਰਮਿੰਦਰ ਸਿੰਘ ਨੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਉਨ੍ਹਾਂ ਦਾ ਟੀ.ਵੀ. ਨੁਕਸਾਨਿਆ ਗਿਆ | ਉਧਰ ਸਾਬਕਾ ਕੌਂਸਲਰ ਬਹਾਦਰ ਸਿੰਘ ਓ.ਕੇ. ਨੇ ਸਰਕਾਰ ਤੋਂ ਅਸਮਾਨੀ ਬਿਜਲੀ ਡਿੱਗਣ ਕਾਰਨ ਪਰਿਵਾਰ ਦੇ ਹੋਏ ਮਾਲੀ ਨੁਕਸਾਨ ਦੀ ਪੂਰਤੀ ਲਈ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ |