ਪੰਚਕੂਲਾ 'ਚ ਬਰਫ਼ ਦੀ ਸਿੱਲ੍ਹੀ 'ਤੇ ਪਿਸ਼ਾਬ ਕਰਨ ਦੇ ਦੋਸ਼ਾਂ ਕਾਰਨ ਹੋਇਆ ਹੰਗਾਮਾ <br/>
ਅਜੀਤ ਡੈਸਕ
10-05-2026
ਵੀਡੀਓ 'ਚ ਇਕ ਬਜ਼ੁਰਗ ਵਿਅਕਤੀ ਨੂੰ ਰਾਏਪੁਰ ਰਾਣੀ ਕਸਬੇ 'ਚ ਯਾਸਮੀਨ ਟੈਕਸਟਾਈਲਜ਼ ਦੇ ਨੇੜੇ ਬਰਫ ਦੀਆਂ ਸਿੱਲ੍ਹੀਆਂ ਪਿੱਛੇ ਕੁਰਸੀ 'ਤੇ ਬੈਠਿਆ ਹੋਇਆ ਦੇਖਿਆ ਗਿਆ | ਕੁਝ ਸਮੇਂ ਬਾਅਦ ਉਹ ਖੜ੍ਹਾ ਹੁੰਦਾ ਹੈ ਤੇ ਉਥੇ ਹੀ ਪਿਸ਼ਾਬ ਕਰਦਾ ਨਜ਼ਰ ਆਉਂਦਾ ਹੈ | ਵੀਡੀਓ 'ਚ ਅੱਗੇ ਦਿਖਦਾ ਹੈ ਕਿ ਉਹ ਪਾਣੀ ਦੇ ਡੱਬੇ ਨਾਲ ਆਪਣੇ ਹੱਥ ਧੋਂਦਾ ਹੈ ਤੇ ਫ਼ਿਰ ਮੁੜ ਕੁਰਸੀ 'ਤੇ ਬੈਠ ਜਾਂਦਾ ਹੈ | ਇਸ ਦੌਰਾਨ ਇਕ ਹੋਰ ਵਿਅਕਤੀ ਨੂੰ ਵੀ ਉਸ ਦੇ ਆਲੇ-ਦੁਆਲੇ ਘੁੰਮਦੇ ਦੇਖਿਆ ਗਿਆ ਹੈ | ਰਾਏਪੁਰ ਰਾਣੀ ਖੇਤਰ ਦੇ ਹਿੰਦੂ ਜਾਗਰਣ ਮੰਚ ਦੇ ਸਹਿ-ਸੰਯੋਜਕ ਸੁਰਿੰਦਰ ਵਰਮਾ ਨੇ ਇਸ ਘਟਨਾ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ | ਸੁਰਿੰਦਰ ਵਰਮਾ ਅਨੁਸਾਰ ਵਾਇਰਲ ਵੀਡੀਓ 'ਚ ਨਜ਼ਰ ਆ ਰਹੇ ਬਜ਼ੁਰਗ ਦਾ ਨਾਂਅ ਰਿਕਾਰਡ 'ਚ ਮੌਲਾ ਰਾਮ ਦਰਜ ਹੈ ਜਦਕਿ ਹਿੰਦੂ ਸੰਗਠਨਾਂ ਦਾ ਦਾਅਵਾ ਹੈ ਕਿ ਉਸ ਦਾ ਅਸਲ ਨਾਂਅ ਮੌਲੂ ਖਾਨ ਹੈ |
ਪੁਲਿਸ ਵਲੋਂ ਕੀਤੀ ਗਈ ਕਾਰਵਾਈ
ਮਾਮਲੇ ਦੀ ਜਾਂਚ ਲਈ ਪੁਲਿਸ ਨੇ ਫ਼ੂਡ ਐਂਡ ਸਪਲਾਈ ਵਿਭਾਗ, ਹੈਲਥ ਵਿਭਾਗ, ਫ਼ੂਡ ਸੇਫਟੀ ਵਿਭਾਗ ਤੇ ਡਰੱਗ ਇੰਸਪੈਕਟਰ ਪੰਚਕੂਲਾ ਨੂੰ ਪੱਤਰ ਲਿਖ ਕੇ ਰਿਪੋਰਟ ਮੰਗੀ ਸੀ | ਹਾਲਾਂਕਿ ਤਿੰਨਾਂ ਵਿਭਾਗਾਂ ਨੇ ਇਸ ਮਾਮਲੇ ਨੂੰ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਦੱਸਿਆ ਹੈ | ਸੀਨ ਆਫ਼ ਕ੍ਰਾਈਮ ਟੀਮ ਨੇ ਮੌਕੇ 'ਤੇ ਪਹੁੰਚ ਕੇ ਮਿੱਟੀ ਤੇ ਸਵੈਬ ਦੇ ਤਿੰਨ ਸੈਂਪਲ ਇਕੱਤਰ ਕੀਤੇ ਹਨ ਜਿਨ੍ਹਾਂ ਨੂੰ ਜਾਂਚ ਲਈ ਐੱਫ.ਐੱਸ.ਐੱਲ. ਭੇਜਿਆ ਜਾਵੇਗਾ | ਰਾਏਪੁਰ ਰਾਣੀ ਥਾਣੇ ਦੇ ਐੱਸ.ਐੱਚ.ਓ. ਮੁਤਾਬਿਕ ਹਿੰਦੂ ਜਾਗਰਣ ਮੰਚ ਦੀ ਸ਼ਿਕਾਇਤ 'ਤੇ ਬਜ਼ੁਰਗ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ |
ਮੁਲਜ਼ਮ ਦਾ ਪੱਖ
ਵੀਡੀਓ 'ਚ ਦਿਖਾਈ ਦੇ ਰਹੇ ਬਜ਼ੁਰਗ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਪਿਸ਼ਾਬ ਨਹੀਂ ਕਰ ਰਿਹਾ ਸੀ, ਸਗੋਂ ਆਪਣਾ ਨਾੜਾ ਟਾਈਟ ਕਰ ਰਿਹਾ ਸੀ | ਉਸ ਨੇ ਕਿਹਾ ਕਿ ਉਨ੍ਹਾਂ ਦੇ ਧਰਮ 'ਚ ਨਾੜੇ ਨੂੰ ਛੂਹਣ ਤੋਂ ਬਾਅਦ ਹੱਥ ਧੋਣ ਦੀ ਪ੍ਰਥਾ ਹੈ, ਇਸ ਲਈ ਉਸ ਨੇ ਹੱਥ ਸਾਫ਼ ਕੀਤੇ ਸਨ | ਉਸ ਨੇ ਦਾਅਵਾ ਕੀਤਾ ਕਿ ਕੁਝ ਲੋਕ ਬੇਵਜ੍ਹਾ ਮਾਮਲੇ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਰਹੇ ਹਨ ਤੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ |