ਡੇਰਾਬੱਸੀ, 15 ਮਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਇਕ ਗੁਪਤ ਸੂਚਨਾ ਦੇ ਅਧਾਰ 'ਤੇ ਪਿੰਡ ਦੇਵੀ ਨਗਰ 'ਚ ਛਾਪੇਮਾਰੀ ਕਰ ਕੇ ਇਕ ਨੌਜਵਾਨ ਨੂੰ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਅਤੇ ਇਕ ਕਾਰ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਆਬਕਾਰੀ ਇੰਸਪੈਕਟਰ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੂੰ ਮੁਖ਼ਬਰ ਖ਼ਾਸ ਨੇ ਪੱਕੀ ਇਤਲਾਹ ਦਿੱਤੀ ਸੀ ਕਿ ਹਰਪ੍ਰੀਤ ਸਿੰਘ ਪੁੱਤਰ ਜੰਗ ਨਾਥ ਵਾਸੀ ਦੇਵੀ ਨਗਰ ਪਿਛਲੇ ਲੰਮੇ ਸਮੇਂ ਤੋਂ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਆਪਣੇ ਘਰ 'ਚ ਖੜ੍ਹੀ ਕਾਲੇ ਰੰਗ ਦੀ ਸਿਆਜ਼ ਕਾਰ 'ਚ ਲੁਕਾ ਕੇ ਰੱਖਦਾ ਹੈ ਅਤੇ ਬਾਅਦ 'ਚ ਇਸ ਸ਼ਰਾਬ ਨੂੰ ਇਲਾਕੇ ਦੇ ਲੋਕਾਂ ਤੇ ਫ਼ੈਕਟਰੀ ਲੇਬਰ ਨੂੰ ਮਹਿੰਗੇ ਭਾਅ 'ਤੇ ਵੇਚ ਕੇ ਮੋਟੀ ਕਮਾਈ ਕਰਦਾ ਹੈ | ਸੂਚਨਾ ਮਿਲਦਿਆਂ ਹੀ ਹਰਕਤ 'ਚ ਆਈ ਸਾਂਝੀ ਟੀਮ ਨੇ ਜਦੋਂ ਮੁਲਜ਼ਮ ਦੇ ਘਰ ਛਾਪੇਮਾਰੀ ਕਰ ਉਥੇ ਮੌਜੂਦ ਕਾਲੇ ਰੰਗ ਦੀ ਸਿਆਜ਼ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਦੀ ਡਿੱਗੀ 'ਚੋਂ ਚੰਡੀਗੜ੍ਹ ਮਾਰਕਾ ਸ਼ਰਾਬ ਦੀਆਂ ਕੁੱਲ 10 ਪੇਟੀਆਂ ਬਰਾਮਦ ਹੋਈਆਂ, ਜਿਨ੍ਹਾਂ 'ਚ 5 ਪੇਟੀਆਂ '999 ਪਾਵਰ ਸਟਾਰ ਫਾਈਨ ਵਿਸਕੀ' (ਕੁੱਲ 60 ਬੋਤਲਾਂ) ਅਤੇ 5 ਪੇਟੀਆਂ 'ਦਿਲਬਰ ਸੰਤਰਾ ਮਸਾਲੇਦਾਰ ਦੇਸੀ ਸ਼ਰਾਬ' (ਕੁੱਲ 250 ਪਊਏ) ਸ਼ਾਮਿਲ ਸਨ, ਜਿਨ੍ਹਾਂ 'ਤੇ ਸਿਰਫ਼ ਚੰਡੀਗੜ੍ਹ 'ਚ ਵਿੱਕਰੀ ਲਈ ਲਿਖਿਆ ਹੋਇਆ ਸੀ | ਇਸ ਕਾਰਵਾਈ ਦੌਰਾਨ ਜਦੋਂ ਪੁਲਿਸ ਨੇ ਕਾਬੂ ਕੀਤੇ ਗਏ ਨੌਜਵਾਨ ਹਰਪ੍ਰੀਤ ਸਿੰਘ ਕੋਲੋਂ ਉਕਤ ਸ਼ਰਾਬ ਨੂੰ ਲਿਆਉਣ ਜਾਂ ਰੱਖਣ ਸੰਬੰਧੀ ਕੋਈ ਲਾਇਸੰਸ ਜਾਂ ਕਾਨੂੰਨੀ ਪਰਮਿਟ ਮੰਗਿਆ ਤਾਂ ਉਹ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ | ਇਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਹੀ ਕਾਰਵਾਈ ਕਰਦਿਆਂ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਤੇ ਸ਼ਰਾਬ ਸਮੇਤ ਗੱਡੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ | ਉਕਤ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ. ਐਸ. ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਨੰੂ ਅਦਾਲਤ 'ਚ ਪੇਸ਼ ਕਰਨ ਮਗਰੋਂ ਇਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ |