ਚੰਡੀਗੜ੍ਹ, 22 ਮਈ (ਕਪਿਲ ਵਧਵਾ)-ਸੈਕਟਰ-26 ਥਾਣਾ ਪੁਲਿਸ ਨੇ ਸੈਕਟਰ-7ਸੀ ਸਥਿਤ ਮੈਟਰੋ ਸਪੋਰਟਸ ਦੀ ਦੁਕਾਨ ਵਿਚ ਹੋਈ 35 ਲੱਖ ਰੁਪਏ ਦੀ ਚੋਰੀ ਦੇ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਵਲੋਂ ਮੁਲਜ਼ਮਾਂ ਕੋਲੋਂ ਨਕਦੀ ਅਤੇ ਚੋਰੀ ਕੀਤੇ ਗਏ ਆਈਫੋਨ ਵੀ ਬਰਾਮਦ ਕੀਤੇ ਗਏ ਹਨ | ਜਾਣਕਾਰੀ ਅਨੁਸਾਰ 14 ਮਈ ਨੂੰ ਮੈਟਰੋ ਸਪੋਰਟਸ ਦੇ ਮਾਲਕ ਰਾਜੇਸ਼ ਬਜਾਜ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ 13 ਮਈ ਦੀ ਰਾਤ ਦੁਕਾਨ ਬੰਦ ਕਰਕੇ ਗਏ ਸਨ | ਅਗਲੇ ਦਿਨ ਸਵੇਰੇ ਜਦੋਂ ਉਹ ਦੁਕਾਨ ਖੋਲ੍ਹਣ ਪਹੁੰਚੇ ਤਾਂ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ | ਜਾਂਚ ਕਰਨ 'ਤੇ ਪਤਾ ਲੱਗਾ ਕਿ ਅਣਪਛਾਤੇ ਵਿਅਕਤੀ 35 ਲੱਖ ਰੁਪਏ ਦੀ ਨਕਦੀ ਤੇ ਦੋ ਐਪਲ ਆਈਫੋਨ ਚੋਰੀ ਕਰ ਲਏ ਗਏ ਹਨ | ਇਸ ਸਬੰਧੀ ਸੈਕਟਰ-26 ਥਾਣੇ ਵਿਚ ਐੱਫ. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ | ਡੀ. ਐਸ. ਪੀ. (ਪੂਰਬ) ਅਭਿਨੰਦਨ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਸ਼ਿਕਾਇਤ ਕਰਤਾ ਦੀ ਦੁਕਾਨ ਦਾ ਤਾਲਾ ਇਲੈਕਟਿ੍ਕ ਕਟਰ ਨਾਲ ਵੱਢ ਕੇ ਅੰਦਰ ਦਾਖਲ ਹੋਏ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ | ਪੁਲਿਸ ਨੇ ਪਹਿਲਾਂ ਗੁਰਸੇਵਕ ਉਰਫ ਹੈਪੀ ਵਾਸੀ ਢਕੌਲੀ ਨੂੰ 19 ਮਈ ਨੂੰ ਗਿ੍ਫ਼ਤਾਰ ਕੀਤਾ ਜਿਸ ਕੋਲੋਂ ਚੋਰੀ ਕੀਤਾ ਗਿਆ ਆਈਫੋਨ-16 ਪ੍ਰੋ ਬਰਾਮਦ ਹੋਇਆ | ਇਸ ਤੋਂ ਬਾਅਦ 20 ਮਈ ਨੂੰ ਵਿਸ਼ਾਲ ਉਰਫ ਗੰਜਾ ਨੂੰ ਕਾਬੂ ਕਰਕੇ ਉਸ ਕੋਲੋਂ 4 ਲੱਖ 500 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ | ਪੁਲਿਸ ਰਿਮਾਂਡ ਦੌਰਾਨ ਉਸ ਦੀ ਨਿਸ਼ਾਨਦੇਹੀ 'ਤੇ 21 ਮਈ ਨੂੰ ਸਾਥੀ ਮੁਲਜ਼ਮ ਸੋਨੂ ਉਰਫ ਆਰਯਨ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ | ਉਸ ਕੋਲੋਂ ਇਕ ਆਈਫੋਨ-12 ਪ੍ਰੋ, ਇਕ ਆਈਫੋਨ-14 ਅਤੇ 7 ਲੱਖ 96 ਹਜ਼ਾਰ 340 ਰੁਪਏ ਬਰਾਮਦ ਕੀਤੇ ਗਏ | ਪੁਲਿਸ ਦਾ ਕਹਿਣਾ ਹੈ ਕਿ ਆਈਫੋਨ-14 ਚੋਰੀ ਦੀ ਰਕਮ ਨਾਲ ਖ਼ਰੀਦਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਸੋਨੂੰ ਉਰਫ਼ ਆਰਯਨ ਨੂੰ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਖੇ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਇਸ ਤੋਂ ਇਲਾਵਾ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ 'ਚੋਂ ਵਿਸ਼ਾਲ ਉਰਫ਼ ਗੰਜਾ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ ਦੋ ਮਾਮਲੇ ਦਰਜ ਹਨ ਜਦਕਿ ਹੋਰ ਦੋ ਮੁਲਜ਼ਮਾਂ ਦਾ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ |