ਚੰਡੀਗੜ੍ਹ, 22 ਮਈ (ਵਿਕਰਮਜੀਤ ਸਿੰਘ ਮਾਨ)- ਫਗਵਾੜਾ ਦੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਦੇਸ਼ ਅਤੇ ਪੰਜਾਬ ਵਿਚ ਵੱਧ ਰਹੀ ਬੇਰੁਜ਼ਗਾਰੀ ਦੀ ਮੁੱਦੇ 'ਤੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ | ਇਸੇ ਕਰਕੇ ਦੇਸ਼ ਵਿਚ ਇਕ ਟਿੱਪਣੀ ਤੋਂ ਬਾਅਦ, ਨੌਜਵਾਨਾਂ ਨੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ 'ਕੋਕਰੇਚ ਜਨਤਾ ਪਾਰਟੀ' ਬਣਾਈ ਹੈ | ਇਹ ਸਿਰਫ਼ ਨੌਜਵਾਨਾਂ ਅੰਦਰ ਗ਼ੁੱਸਾ ਹੀ ਨਹੀਂ ਹੈ, ਸਗੋਂ ਸਿਸਟਮ ਲਈ ਇਕ ਚੁਣੌਤੀ ਵੀ ਹੈ | ਧਾਲੀਵਾਲ ਨੇ ਕਿਹਾ ਕਿ ਅੱਜ ਪੜ੍ਹੇ-ਲਿਖੇ ਨੌਜਵਾਨ ਨੌਕਰੀਆਂ ਦੀ ਭਾਲ ਵਿਚ ਦਰ-ਦਰ ਭਟਕਣ ਲਈ ਮਜਬੂਰ ਹਨ ਪਰ ਸਰਕਾਰਾਂ ਕੋਲ ਠੋਸ ਰੁਜ਼ਗਾਰ ਨੀਤੀ ਦੀ ਘਾਟ ਹੈ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਰਕਾਰਾਂ ਦੀ ਅਸਫਲਤਾ ਹੀ ਨਹੀਂ, ਸਗੋਂ ਸਮੁੱਚੇ ਪ੍ਰਸ਼ਾਸਕੀ ਤੇ ਰਾਜਨੀਤਿਕ ਪ੍ਰਣਾਲੀ ਦੀ ਅਸਫਲਤਾ ਦਾ ਸਬੂਤ ਵੀ ਹੈ | ਜੇਕਰ ਬੇਰੁਜ਼ਗਾਰੀ ਸੰਕਟ ਨੂੰ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਭਵਿੱਖ ਵਿਚ ਸਮਾਜਿਕ ਤੇ ਆਰਥਿਕ ਸਥਿਤੀ ਹੋਰ ਵੀ ਵਿਗੜ ਸਕਦੀ ਹੈ | ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨਾ ਕਿਸੇ ਵੀ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ ਪਰ ਅੱਜ ਸਰਕਾਰਾਂ ਪ੍ਰਚਾਰ ਅਤੇ ਸਮਾਗਮ ਪ੍ਰਬੰਧਨ ਤੱਕ ਸੀਮਤ ਹਨ |