ਡੇਰਾਬੱਸੀ, 25 ਮਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੀ ਪੁਰਾਣੀ ਅਕਾਲੀ ਮਾਰਕੀਟ ਨੇੜੇ ਚੋਣ ਰੈਲੀ ਤੋਂ ਪਰਤ ਰਹੇ ਦੋ ਚਚੇਰੇ ਭਰਾਵਾਂ 'ਤੇ ਜਾਨਲੇਵਾ ਹਮਲਾ ਕਰਨ ਅਤੇ ਮੋਟਰਸਾਈਕਲ ਦੀ ਭੰਨਤੋੜ ਕਰਨ ਦੇ ਮਾਮਲੇ 'ਚ ਥਾਣਾ ਡੇਰਾਬੱਸੀ ਪੁਲਿਸ ਨੇ 7 ਨਾਮਜ਼ਦ ਅਤੇ 2-3 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੇ ਇਹ ਕਾਰਵਾਈ ਪੀੜਤ ਨੌਜਵਾਨ ਦੇ ਬਿਆਨਾਂ ਦੇ ਆਧਾਰ 'ਤੇ ਭਾਰਤੀ ਨਿਆ ਸੰਹਿਤਾ ਦੀਆਂ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਅਮਲ 'ਚ ਲਿਆਂਦੀ ਹੈ | ਫ਼ਿਲਹਾਲ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਸਾਰੇ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਗਿ੍ਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸ ਝਗੜੇ ਦਾ ਮੁੱਖ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ, ਜਿਸ ਤਹਿਤ ਕਰੀਬ ਤਿੰਨ ਮਹੀਨੇ ਪਹਿਲਾਂ ਵੀ ਜੈਨ ਸਕੂਲ ਡੇਰਾਬੱਸੀ ਦੇ ਬਾਹਰ ਪੀੜਤਾਂ 'ਤੇ ਹਮਲਾ ਕੀਤਾ ਗਿਆ ਸੀ | ਪੁਲਿਸ ਕੋਲ ਦਰਜ ਕਰਵਾਏ ਬਿਆਨਾਂ 'ਚ ਹਰਸ਼ਪ੍ਰੀਤ ਸਿੰਘ ਪੁੱਤਰ ਸਵ. ਕਰਮ ਸਿੰਘ ਵਾਸੀ ਪਿੰਡ ਮਹਿਮਦਪੁਰ ਨੇ ਦੱਸਿਆ ਕਿ ਬੀਤੀ 22 ਮਈ ਦੀ ਸ਼ਾਮ ਕਰੀਬ 7.30 ਵਜੇ ਉਹ ਆਪਣੇ ਤਾਏ ਦੇ ਲੜਕੇ ਮੇਜਰ ਸਿੰਘ (ਲਾਡੀ) ਪੁੱਤਰ ਜਸਵੰਤ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ 'ਆਪ' ਦੀ ਰੈਲੀ ਤੋਂ ਵਾਪਸ ਆਪਣੇ ਘਰ ਪਰਤ ਰਹੇ ਸਨ | ਇਸ ਦੌਰਾਨ ਜਦੋਂ ਉਹ ਅਕਾਲੀ ਮਾਰਕੀਟ ਕੋਲ ਪੁੱਜੇ ਤਾਂ ਉਥੇ ਪਹਿਲਾਂ ਤੋਂ ਹੀ ਤਲਵਾਰਾਂ, ਗੰਡਾਸੀਆਂ ਅਤੇ ਸਾਈਕਲ ਦੀ ਗਰਾਰੀ ਵਾਲੀਆਂ ਲੋਹੇ ਦੀਆਂ ਰਾਡਾਂ ਨਾਲ ਲੈਸ ਘਾਤ ਲਗਾ ਕੇ ਬੈਠੇ ਮੁਲਜ਼ਮਾਂ ਨੇ ਉਨ੍ਹਾਂ ਨੂੰ ਰਸਤੇ ਵਿਚ ਘੇਰ ਲਿਆ ਅਤੇ ਹਮਲਾਵਰਾਂ ਨੇ ਬਿਨਾਂ ਕਿਸੇ ਗੱਲ ਤੋਂ ਗਾਲੀ-ਗਲੋਚ ਕਰਦਿਆਂ ਉਨ੍ਹਾਂ 'ਤੇ ਤਾਬੜਤੋੜ ਹਮਲਾ ਕਰ ਦਿੱਤਾ ਅਤੇ ਜਾਂਦੇ-ਜਾਂਦੇ ਪੀੜਤਾਂ ਦਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਭੰਨ ਦਿੱਤਾ | ਇਸ ਦੌਰਾਨ ਪੀੜਤਾਂ ਵਲੋਂ ਰੌਲਾ ਪਾਉਣ 'ਤੇ ਹਮਲਾਵਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ | ਦੋਵਾਂ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਜੀ. ਐਮ. ਸੀ. ਐਚ. ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ | ਉਕਤ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਇਸ ਸੰਬੰਧੀ ਬੀ. ਐਨ. ਐਸ. ਤਹਿਤ (ਸੱਟਾਂ ਮਾਰਨ), (ਖ਼ਤਰਨਾਕ ਹਥਿਆਰਾਂ ਨਾਲ ਹਮਲਾ), (ਗਲਤ ਤਰੀਕੇ ਨਾਲ ਰੋਕਣ), (ਜਾਨੋਂ ਮਾਰਨ ਦੀ ਧਮਕੀ) ਅਤੇ (ਦੰਗਾ ਫਸਾਦ) ਤਹਿਤ ਨਵਜੋਤ ਸੈਣੀ ਵਾਸੀ ਹੈਬਤਪੁਰ ਰੋਡ ਡੇਰਾਬੱਸੀ, ਹਰਸ਼ ਵੈਰਾਗੀ ਵਾਸੀ ਗੁਲਾਬਗੜ੍ਹ ਰੋਡ ਡੇਰਾਬੱਸੀ, ਰੂਬਲ ਤੇ ਅਮਨ ਵਾਸੀ ਪਿੰਡ ਸੈਦਪੁਰਾ, ਬੱਲੀ, ਹੈਰੀ ਤੇ ਖਾਰੀ ਵਾਸੀ ਪਿੰਡ ਪਰਾਗਪੁਰ ਸਮੇਤ 2-3 ਹੋਰ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਫ਼ਰਾਰ ਹਮਲਾਵਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਕੇ ਲਿਆ ਜਾਵੇਗਾ |