ਚੰਡੀਗੜ੍ਹ, 28 ਮਈ (ਅਜੀਤ ਬਿਊਰੋ) - ਕਿ੍ਸ਼ਨਾ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ 41-ਸੀ ਦੇ ਅਹੁਦੇਦਾਰਾਂ ਅਤੇ ਦੁਕਾਨਦਾਰਾਂ ਦਾ ਇਕ ਵਫਦ ਅੱਜ ਇਲਾਕਾ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੂੰ ਮਿਲਿਆ | ਵਫਦ ਨੇ ਮਾਰਕੀਟ ਦੀਆਂ ਪਹਿਲਾਂ ਪੂਰੀਆਂ ਕੀਤੀਆਂ ਮੰਗਾਂ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਇਕ ਮੰਗ-ਪੱਤਰ ਵੀ ਸੌਂਪਿਆ | ਵਫ਼ਦ ਵਲੋਂ ਸੌਂਪੇ ਮੰਗ-ਪੱਤਰ 'ਚ ਮਾਰਕੀਟ ਵਿਚ ਫੈਂਸੀ ਲਾਈਟਾਂ ਤੇ ਹਾਈ-ਮਸਟ ਲਾਈਟਾਂ ਲਗਵਾਉਣ ਦੀ ਮੰਗ ਰੱਖੀ ਗਈ | ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਪਹਿਲਾਂ ਪੂਰੀਆਂ ਕੀਤੀਆਂ ਮੰਗਾਂ ਵਾਂਗ ਇਸ ਲਾਈਟਾਂ ਦੀ ਮੰਗ ਨੂੰ ਪੂਰਾ ਕਰਨ ਲਈ ਵੀ ਪੂਰੇ ਯਤਨ ਕੀਤੇ ਜਾਣਗੇ |