ਮਾਜਰੀ, 28 ਮਈ (ਕੁਲਵੰਤ ਸਿੰਘ ਧੀਮਾਨ)- ਲੋਕ ਹਿੱਤ ਮਿਸ਼ਨ ਬੀ. ਕੇ. ਯੂ. ਪੰਜਾਬ ਵਲੋਂ ਤੇਲ ਦੀਆਂ ਕੀਮਤਾਂ 'ਚ ਵਾਧੇ ਖ਼ਿਲਾਫ਼ ਮਾਜਰੀ ਬਲਾਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਮਿਸ਼ਨ ਆਗੂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਹਰਜੀਤ ਸਿੰਘ ਹਰਮਨ, ਭਗਤ ਸਿੰਘ ਭਗਤ ਮਾਜਰਾ, ਪਰਮਜੀਤ ਸਿੰਘ ਮਾਵੀ, ਮਨਦੀਪ ਸਿੰਘ ਖਿਜ਼ਰਾਬਾਦ ਤੇ ਗੁਰਬਚਨ ਸਿੰਘ ਮੁੰਧੋਂ ਆਦਿ ਮੈਂਬਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਈਰਾਨ ਜੰਗ ਦੇ ਬਹਾਨੇ ਆਪਣਾ ਵਪਾਰ ਚਲਾਉਣ ਲਈ ਵਾਰ-ਵਾਰ ਡੀਜ਼ਲ ਤੇ ਪੈਟਰੋਲ ਦੇ ਰੇਟ ਵਧਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਧਣ ਨਾਲ ਮਹਿੰਗਾਈ ਹੋਰ ਵਧੇਗੀ ਕਿਉਂਕਿ ਪੈਟਰੋਲ/ਡੀਜ਼ਲ ਮਹਿੰਗਾ ਹੋਣ ਕਾਰਨ ਟਰਾਂਸਪੋਰਟ ਦਾ ਖ਼ਰਚ ਵਧੇਗਾ | ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਮਹਿੰਗਾਈ ਦੇ ਵਿਰੋਧ 'ਚ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਮਿਸ਼ਨ ਦੇ ਮੈਂਬਰ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਤੇ ਤੇਲ ਦੀਆਂ ਕੀਮਤਾਂ ਖ਼ਿਲਾਫ਼ ਲਿਖੀਆਂ ਹੋਈਆਂ ਤਖ਼ਤੀਆਂ ਹੱਥਾਂ 'ਚ ਫੜ੍ਹੀਆਂ ਹੋਈਆਂ ਸਨ |