ਚੰਡੀਗੜ੍ਹ, 14 ਜੂਨ (ਸੰਦੀਪ ਕੁਮਾਰ ਮਾਹਨਾ) ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ ਮੌਕੇ ਚੰਡੀਗੜ੍ਹ ਵਿਖੇ ਬਾਲ ਮਜ਼ਦੂਰੀ ਖ਼ਿਲਾਫ਼ ਵਿਆਪਕ ਜਾਗਰੂਕਤਾ ਮੁਹਿੰਮ ਚਲਾਈ ਗਈ | ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀ.ਐਲ.ਐਸ.ਏ) ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਇਕਾਈ (ਡੀ.ਸੀ.ਪੀ.ਯੂ.), ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ (ਏ.ਐਚ.ਟੀ.ਯੂ.) ਅਤੇ ਕਿਰਤ ਵਿਭਾਗ ਦੀਆਂ ਟੀਮਾਂ ਨੇ ਸ਼ਹਿਰ ਦੇ ਵੱਖ-ਵੱਖ ਮੋਟਰ ਮਾਰਕੀਟਾਂ ਅਤੇ ਟਰਾਂਸਪੋਰਟ ਖੇਤਰਾਂ ਵਿਚ ਲੋਕਾਂ ਨਾਲ ਸੰਪਰਕ ਕਰਕੇ ਬਾਲ ਮਜ਼ਦੂਰੀ ਦੇ ਮਾੜੇ ਪ੍ਰਭਾਵਾਂ ਅਤੇ ਇਸ ਨਾਲ ਸਬੰਧਿਤ ਕਾਨੂੰਨੀ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ | ਇਹ ਜਾਗਰੂਕਤਾ ਅਭਿਆਨ ਸੈਕਟਰ 48 ਮੋਟਰ ਮਾਰਕੀਟ, ਸੈਕਟਰ 38 ਪੱਛਮੀ ਮੋਟਰ ਮਾਰਕੀਟ, ਮਨੀਮਾਜਰਾ ਮੋਟਰ ਮਾਰਕੀਟ ਤੇ ਸੈਕਟਰ 26 ਸਥਿਤ ਟਰਾਂਸਪੋਰਟ ਏਰੀਆ ਵਿਚ ਚਲਾਇਆ ਗਿਆ | ਇਸ ਦੌਰਾਨ ਟੀਮਾਂ ਨੇ ਦੁਕਾਨਦਾਰਾਂ, ਮਕੈਨਿਕਾਂ, ਵਰਕਸ਼ਾਪ ਮਾਲਕਾਂ, ਟਰਾਂਸਪੋਰਟ ਕਰਮਚਾਰੀਆਂ, ਮਜ਼ਦੂਰਾਂ ਤੇ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਬਾਲ ਮਜ਼ਦੂਰੀ ਰੋਕੂ ਕਾਨੂੰਨਾਂ ਤੇ ਬੱਚਿਆਂ ਦੇ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਲੋਕਾਂ ਨੂੰ ਜਾਗਰੂਕ ਕਰਨ ਲਈ ਪੈਂਫਲੈਟ ਅਤੇ ਹੋਰ ਜਾਣਕਾਰੀ ਸਮੱਗਰੀ ਵੀ ਵੰਡੀ ਗਈ | ਅਧਿਕਾਰੀਆਂ ਨੇ ਦੱਸਿਆ ਕਿ ਬਾਲ ਮਜ਼ਦੂਰੀ ਬੱਚਿਆਂ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ ਤੇ ਉਨ੍ਹਾਂ ਨੂੰ ਸਿੱਖਿਆ ਤੋਂ ਵਾਂਝਾ ਕਰ ਦਿੰਦੀ ਹੈ | ਉਨ੍ਹਾਂ ਕਿਹਾ ਕਿ ਹਰ ਬੱਚੇ ਨੂੰ ਸੁਰੱਖਿਅਤ ਬਚਪਨ, ਗੁਣਵੱਤਾ ਭਰਪੂਰ ਸਿੱਖਿਆ ਤੇ ਸਨਮਾਨਜਨਕ ਜੀਵਨ ਜਿਊਣ ਦਾ ਅਧਿਕਾਰ ਹੈ, ਜਿਸ ਦੀ ਰੱਖਿਆ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ | ਮੁਹਿੰਮ ਦੌਰਾਨ ਲੋਕਾਂ ਨੂੰ ਇਹ ਵੀ ਦੱਸਿਆ ਗਿਆ ਕਿ ਬੱਚਿਆਂ ਤੋਂ ਮਜ਼ਦੂਰੀ ਕਰਵਾਉਣਾ ਕਾਨੂੰਨ ਅਨੁਸਾਰ ਕਾਨੂੰਨੀ ਅਪਰਾਧ ਹੈ ਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ | ਟੀਮਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਕਿਸੇ ਵੀ ਥਾਂ 'ਤੇ ਬਾਲ ਮਜ਼ਦੂਰੀ ਹੁੰਦੀ ਦੇਖਣ ਤਾਂ ਤੁਰੰਤ ਸਬੰਧਿਤ ਵਿਭਾਗਾਂ ਨੂੰ ਸੂਚਿਤ ਕਰਨ |