03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਚੰਡੀਗੜ੍ਹ ਯੂਨੀਵਰਸਿਟੀ ਵਿਖੇ 10ਵੇਂ ‘ਇੰਟਰਨੈਸ਼ਨਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ’ ਦਾ ਆਗ਼ਾਜ਼

Ad Position 21
No active advertisement
ਅਜੀਤ ਡੈਸਕ 30-06-2026
aਐੱਸ. ਏ. ਐੱਸ. ਨਗਰ, 29 ਜੂਨ (ਪ੍ਰੋ. ਅਵਤਾਰ ਸਿੰਘ)- ਚੰਡੀਗੜ੍ਹ ਯੂਨੀਵਰਸਿਟੀ ਵਿਖੇ ਅੱਜ 10ਵੇਂ ‘ਇੰਟਰਨੈਸ਼ਨਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ’ ਦਾ ਆਗ਼ਾਜ਼ ਹੋਇਆ, ਜਿਸ ‘ਚ 40 ਤੋਂ ਵੱਧ ਮੁਲਕਾਂ ਦੀਆਂ 100 ਤੋਂ ਜ਼ਿਆਦਾ ਯੂਨੀਵਰਸਿਟੀਆਂ ਦੇ 130 ਤੋਂ ਵੱਧ ਨਾਮਵਰ ਅਕਾਦਮਿਕ ਮਾਹਿਰਾਂ, ਖੋਜਕਾਰਾਂ, ਵਿਗਿਆਨੀਆਂ ਅਤੇ ਸਿੱਖਿਆ ਮਾਹਿਰਾਂ ਨੇ ਹਿੱਸਾ ਲਿਆ। ਕੌਮੀ ਸਿੱਖਿਆ ਨੀਤੀ- 2020 ਦੇ ਤਹਿਤ ਭਾਰਤੀ ਸਿੱਖਿਆ ਦੇ ਮਿਆਰ ਨੂੰ ਕੌਮਾਂਤਰੀ ਪੱਧਰ ‘ਤੇ ਉੱਚਾ ਚੁੱਕਣ ਦੇ ਮਕਸਦ ਨਾਲ ਕਰਵਾਇਆ ਗਿਆ ਇਹ ਪ੍ਰੋਗਰਾਮ ਅਕਾਦਮਿਕ ਸਾਂਝ, ਗਿਆਨ ਦੇ ਅਦਾਨ-ਪ੍ਰਦਾਨ ਅਤੇ ਸਰਹੱਦ ਪਾਰ ਤੋਂ ਸਹਿਯੋਗ ਲਈ ਇਕ ਵਿਸ਼ਵ ਪੱਧਰੀ ਮੰਚ ਵਜੋਂ ਕੰਮ ਕਰੇਗਾ, ਜੋ ਕਿ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਗਲੋਬਲ ਅਕਾਦਮਿਕ ਮੁਹਾਰਤ ਅਤੇ ਖੋਜ ਦੇ ਨਵੇਂ ਰੁਝਾਨਾਂ ਨਾਲ ਜਾਣੂ ਕਰਵਾਏਗਾ। ਪ੍ਰੋਗਰਾਮ ‘ਚ ਕਿਊ. ਐਸ. ਰੈਂਕਿੰਗ ਵਾਲੀਆਂ 58 ਯੂਨੀਵਰਸਿਟੀਆਂ ਦੇ ਮਾਹਿਰ ਇਕੋ ਮੰਚ ‘ਤੇ ਇਕੱਠੇ ਹੋਣ ਜਾ ਰਹੇ ਹਨ, ਜਿਨ੍ਹਾਂ ‘ਚ ਦੁਨੀਆ ਦੀਆਂ ਚੋਟੀ ਦੀਆਂ 20 ਯੂਨੀਵਰਸਿਟੀਆਂ ‘ਚ ਸ਼ੁਮਾਰ ਸੰਸਥਾਵਾਂ ਦੇ ਛੇ ਅਕਾਦਮਿਕ ਮਾਹਿਰ ਵੀ ਸ਼ਾਮਲ ਹਨ। ਪ੍ਰੋਗਰਾਮ ‘ਚ ਵਿਸ਼ਵ ਦੇ ਚੋਟੀ ਦੇ 2 ਫ਼ੀਸਦੀ ਖੋਜਕਾਰਾਂ ਦੀ ਲਿਸਟ ‘ਚ ਸ਼ਾਮਿਲ 37 ਵਿਗਿਆਨੀ ਵੀ ਸ਼ਿਰਕਤ ਕਰਨ ਜਾ ਰਹੇ ਹਨ। ਪ੍ਰੋਗਰਾਮ ਦੇ ਪਹਿਲੇ ਦਿਨ ਕੌਮੀ ਅਧਿਆਪਕ ਸਿੱਖਿਆ ਕੌਂਸਲ ਦੇ ਚੇਅਰਪਰਸਨ ਪ੍ਰੋ. ਪੰਕਜ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਜਦਕਿ ਯੂਨੀਵਰਸਿਟੀ ਕਾਲਜ ਲੰਡਨ (ਬਰਤਾਨੀਆ) ਦੇ ਇੰਸਟੀਟਿਊਟ ਆਫ਼ ਹੈਲਦੀ ਏਜਿੰਗ ਦੇ ਡਾਇਰੈਕਟਰ ਅਤੇ ਸਿਸਟਮਜ਼ ਬਾਇਓਲਾਜੀ ਦੇ ਪ੍ਰਫੈਸਰ ਪ੍ਰੋ. (ਡਾ.) ਜੁਰਗ ਬਹਿਲਰ, ਯੂਨੀਵਰਸਿਟੀ ਕਾਲਜ ਲੰਡਨ ਦੇ ਹੀ ਨਾਲੇਜ ਇਨਫਰਮੇਸ਼ਨ ਐਂਡ ਡਾਟਾ ਸਾਇੰਸ ਰਿਸਰਚ ਗਰੁੱਪ ਦੇ ਸੰਸਥਾਪਕ ਮੈਂਬਰ ਤੇ ਕੋ-ਲੀਡ ਅਤੇ ਮਸ਼ੀਨ ਲਰਨਿੰਗ ਦੇ ਐਸੋਈਏਟ ਪ੍ਰੋਫ਼ੈਸਰ ਪ੍ਰੋ. (ਡਾ.) ਲਿਊਕ ਡਿੱਕਨਜ਼ ਅਤੇ ਨਾਨਯਾਂਗ ਟੈਕਨਾਲੋਜੀਕਲ ਯੂਨੀਵਰਸਿਟੀ ਦੇ ਸਕਰੀਨ ਰਾਈਟਿੰਗ ਦੇ ਐਸੋਸੀਏਟ ਪ੍ਰੋ. (ਡਾ.) ਈਆਨ ਜੌਨ ਡਿਕਸਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਪ੍ਰੋ. ਪੰਕਜ ਅਰੋੜਾ ਨੇ ਕਿਹਾ ਕਿ ਸਾਡੇ ਦੇਸ਼ ਕੋਲ ਗਿਆਨ ਦੀ ਅਮੀਰ ਵਿਰਾਸਤ ਹੈ ਅਤੇ ਤਕਸ਼ਸ਼ਿਲਾ ਅਤੇ ਨਾਲੰਦਾ ਵਰਗੇ ਪ੍ਰਾਚੀਨ ਸਿੱਖਿਆ ਕੇਂਦਰਾਂ ਨੇ ਦੁਨੀਆ ਭਰ ਦੇ ਵਿਦਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਸੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਉਸੇ ਵਿਰਾਸਤ ਦੇ ਮੁੜ ਸੁਰਜੀਤ ਹੋਣ ਦੇ ਗਵਾਹ ਬਣਨ ਜਾ ਰਹੇ ਹਾਂ ਕਿਉਂਕਿ ਪਿਛਲੇ ਕੁਝ ਸਾਲਾਂ ‘ਚ ਭਾਰਤੀ ਯੂਨੀਵਰਸਿਟੀਆਂ ਦੇ ਪ੍ਰਦਰਸ਼ਨ ਅਤੇ ਵਿਸ਼ਵ ਪੱਧਰ ‘ਤੇ ਪ੍ਰਤੀਨਿਧਤਾ ‘ਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਬਣਾਈ ਗਈ ਕੌਮੀ ਸਿੱਖਿਆ ਨੀਤੀ ਰਾਹੀਂ ਅਜਿਹੇ ਕ੍ਰਾਂਤੀਕਾਰੀ ਵਿੱਦਿਅਕ ਸੁਧਾਰ ਲਾਗੂ ਕੀਤੇ ਗਏ ਹਨ, ਜਿਨ੍ਹਾਂ ਨੇ ਖੋਜ, ਨਵੀਨਤਾ ਅਤੇ ਅਕਾਦਮਿਕ ਉੱਤਮਤਾ ‘ਤੇ ਸਾਡੇ ਧਿਆਨ ਨੂੰ ਹੋਰ ਕੇਂਦਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਵਜੋਂ ਹਾਲ ਦੇ ਸਾਲਾਂ ‘ਚ ਭਾਰਤ ਗਿਆਨ, ਖੋਜ ਅਤੇ ਨਵੀਨਤਾ ਦੇ ਇੱਕ ਗਲੋਬਲ ਪਾਵਰਹਾਊਸ ਵਜੋਂ ਉੱਭਰਿਆ ਹੈ। ਇਸ ਮੌਕੇ ਯੂਨੀਵਰਸਿਟੀ ਕਾਲਜ ਲੰਡਨ ਦੇ ਮਸ਼ੀਨ ਲਰਨਿੰਗ ਦੇ ਐਸੋਸੀਏਟ ਪ੍ਰੋ. ਡਾ. ਲਿਊਕ ਡਿੱਕਨਜ਼ ਨੇ ਕਿਹਾ ਕਿ ਅਕਾਦਮਿਕ ਖੇਤਰ ਦਾ ਹਿੱਸਾ ਹੋਣ ਦੇ ਨਾਤੇ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ‘ਥੌਟ ਲੀਡਰਜ਼’ ਬਣੀਏ ਅਤੇ ਦੁਨੀਆ ਨੂੰ ਉਸ ਰੂਪ ‘ਚ ਢਾਲਣ ‘ਚ ਮਦਦ ਕਰੀਏ, ਜਿਸ ਰੂਪ ‘ਚ ਅਸੀਂ ਇਸ ਨੂੰ ਦੇਖਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਇਸ ਖੇਤਰ ‘ਚ ਸਾਵਧਾਨੀ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ ਕਿਉਂਕਿ ਏ. ਆਈ. ਵਰਗੀ ਤਕਨਾਲੋਜੀ ਦੇ ਜਿਥੇ ਫ਼ਾਇਦੇ ਹਨ, ਉਥੇ ਹੀ ਇਸ ਨੂੰ ਲੈ ਕੇ ਕਈ ਚੁਣੌਤੀਆਂ ਤੇ ਖ਼ਤਰੇ ਵੀ ਸਾਡੇ ਸਾਹਮਣੇ ਖੜ੍ਹੇ ਹਨ। ਇਸ ਮੌਕੇ ਨਾਨਯਾਂਗ ਟੈਕਨਾਲੋਜੀਕਲ ਯੂਨੀਵਰਸਿਟੀ ਸਿੰਗਾਪੁਰ ਦੇ ਸਕਰੀਨ ਰਾਈਟਿੰਗ ਐਸੋਸੀਏਟ ਪ੍ਰੋ. ਡਾ. ਈਆਨ ਜੌਨ ਡਿਕਸਨ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਆਉਣ ਵਾਲੇ ਸਾਲਾਂ ‘ਚ ਵਿਸ਼ਵ ਪੱਧਰ ‘ਤੇ ਅੱਗੇ ਵਧੇਗੀ ਅਤੇ ਵਿਸ਼ਵ ਦੀ ਨੰਬਰ ਇਕ ਯੂਨੀਵਰਸਿਟੀ ਬਣੇਗੀ। ਅੰਤ ‘ਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਵੀਰਾਜਾ ਐਨ ਸੀਤਾਰਾਮ ਨੇ ਕਿਹਾ ਕਿ ਇਸ 10 ਰੋਜ਼ਾ ‘ਇੰਟਰਨੈਸ਼ਨਲ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ’ ਦੌਰਾਨ ਮਾਹਿਰਾਂ ਦੇ ਲੈਕਚਰ, ਪੈਨਲ ਚਰਚਾ, ਵਿਸ਼ੇਸ਼ ਥੀਮੈਟਿਕ ਸੈਸ਼ਨ, ਖੋਜ ਸੰਬੰਧੀ ਵਿਚਾਰ-ਚਰਚਾ ਅਤੇ ਸਾਂਝੇ ਉਪਰਾਲੇ ਦੇਖਣ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਮੁੱਖ ਮਨੋਰਥ ਅਧਿਆਪਕਾਂ ਨੂੰ ਆਧੁਨਿਕ ਅਧਿਆਪਨ ਪ੍ਰਣਾਲੀਆਂ, ਤਕਨਾਲੋਜੀ ਦੇ ਨਵੇਂ ਰੁਝਾਨਾਂ ਦੀ ਡੂੰਘੀ ਸਮਝ ਅਤੇ ਉੱਚ ਸਿੱਖਿਆ ਬਾਰੇ ਵਿਸ਼ਵ ਪੱਧਰੀ ਦ੍ਰਿਸ਼ਟੀਕੋਣ ਨਾਲ ਲੈਸ ਕਰਨਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਨੇ ਮੁੱਖ ਮੰਤਰੀ ਖ਼ਿਲਾਫ਼ ਖੋਲ੍ਹਿਆ ਮੋਰਚਾ ਅਗਲੀ ਖ਼ਬਰ ਐਕਟਿਵਾ ਚੋਰੀ ਕਰਨ ਵਾਲਾ ਕਾਬੂ, 7 ਚੋਰੀਸ਼ੁਦਾ ਐਕਟਿਵਾ ਬਰਾਮਦ
Ad Position 24
No active advertisement