ਮਾਜਰੀ, 29 ਜੂਨ (ਕੁਲਵੰਤ ਸਿੰਘ ਧੀਮਾਨ)- ਇਕ ਵਿਵਾਦਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ੍ਰੀ ਅਕਾਲ ਤਜ਼ਤ ਸਾਹਿਬ ਦੇ ਜਥੇ. ਭਾਈ ਕੁਲਦੀਪ ਸਿੰਘ ਗੜਗੱਜ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ ਕਰਾਰ ਦੇਣ ਮਗਰੋਂ ਜਿਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਬਿਆਨਬਾਜ਼ੀ ਕਰਕੇ ਮੁੱਖ ਮੰਤਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਕੁਝ ਪੰਥ ਦਰਦੀਆਂ ਅਤੇ ਪੰਜਾਬ-ਹਿਤੈਸ਼ੀ ਜਥੇਬੰਦੀਆਂ ਵਲੋਂ ਵੀ ਵੱਖ-ਵੱਖ ਤਰੀਕਿਆਂ ਨਾਲ ਆਪਣਾ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ। ਇਸੇ ਲੜੀ ਬਲਾਕ ਮਾਜਰੀ ਚੌਕ, ਸਬ-ਤਹਿਸੀਲ ਮਾਜਰੀ ਦੇ ਦਫ਼ਤਰ, ਪਿੰਡ ਖਿਜ਼ਰਾਬਾਦ, ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੀਆਂ ਦੀਵਾਰਾਂ ਤੇ ਘਰਾਂ ‘ਤੇ ਮੁੱਖ ਮੰਤਰੀ ਖ਼ਿਲਾਫ਼ ਪੋਸਟਰ ਲਗਾਏ ਗਏ ਹਨ। ਬੀਤੇ ਦਿਨੀਂ ਵੀ ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਬੜੌਦੀ ਦੇ ਗੁਰਦੁਆਰਾ ਸ੍ਰੀ ਧੰਨਾ ਭਗਤ ਜੀ ਦੇ ਮੁੱਖ ਗੇਟ ਨੇੜੇ ਕੰਧ ‘ਤੇ ਕੁਝ ਪੋਸਟਰ ਲਗਾਏ ਗਏ ਸਨ। ਇਸ ਤਰ੍ਹਾਂ ਪੰਥ ਦਰਦੀਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਲਗਾਤਾਰ ਵਿਰੋਧ ਪ੍ਰਗਟਾਇਆ ਜਾ ਰਿਹਾ ਹੈ। ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਵੀ ਹਰਕਤ ‘ਚ ਆਉਂਦਿਆਂ ਪੁਲਿਸ ਦੀ ਸਹਾਇਤਾ ਨਾਲ ਬਲਾਕ ਮਾਜਰੀ ਅੰਦਰ ਵੱਖ-ਵੱਖ ਥਾਵਾਂ ‘ਤੇ ਮੁੱਖ ਮੰਤਰੀ ਖ਼ਿਲਾਫ਼ ਲਗਾਏ ਗਏ ਪੋਸਟਰਾਂ ਨੂੰ ਉਤਾਰਨ/ਫਾੜ੍ਹਨ ਦੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧ ‘ਚ ਪਿੰਡਾਂ ਦੇ ਲੋਕਾਂ, ਸਮਾਜ ਸੇਵੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਦੇ ਆਗੂਆਂ ਦੀ ਸ਼ਹਿ ‘ਤੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲਅੰਦਾਜੀ ਕਰਕੇ ਸਿੱਖ ਇਤਿਹਾਸ ਨੂੰ ਢਾਹ ਲਗਾਉਣ ਦੀਆਂ ਕੋਝੀਆਂ ਸਾਜਿਸ਼ਾਂ ਰਚ ਰਿਹਾ ਹੈ, ਜਿਸ ਨੂੰ ਪੰਜਾਬ ਦੇ ਲੋਕ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰਨਗੇ ਅਤੇ ਆਗਾਮੀ ਵਿਧਾਨ ਸਭਾ ਚੋਣਾਂ ‘ਚ ਇਸ ਦਾ ਮੂੰਹ ਤੋੜ ਜਵਾਬ ਦੇਣਗੇ।