ਜ਼ੀਰਕਪੁਰ, 29 ਜੂਨ (ਮਨਿੰਦਰ ਸਿੰਘ)-ਬੀਤੀ ਰਾਤ 9.30 ਵਜੇ ਦੇ ਕਰੀਬ ਅਣਪਛਾਤੇ ਚੋਰ ਚੰਡੀਗੜ੍ਹ-ਅੰਬਾਲਾ ਮੁੱਖ ਮਾਰਗ ’ਤੇ ਇਕ ਮੋਬਾਈਲ ਦੁਕਾਨ ਦੇ ਬਾਹਰ ਖੜ੍ਹੀ ਥਾਰ ਗੱਡੀ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਕਰੀਬ ਪੌਣੇ ਦੋ ਲੱਖ ਰੁ. ਦੀ ਨਕਦੀ, ਇਕ ਮੋਬਾਈਲ, ਏ. ਟੀ. ਐਮ. ਕਾਰਡ, ਇਕ ਚੈੱਕ ਬੁੱਕ ਤੇ ਹੋਰ ਦਸਤਾਵੇਜ਼ ਚੋਰੀ ਕਰ ਕੇ ਫ਼ਰਾਰ ਹੋ ਗਏ। ਇਸ ਚੋਰੀ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਦੁਕਾਨਦਾਰ ਨੇ ਪੁਲਿਸ ਹੈਲਪ ਲਾਈਨ ਨੰ. 112 ’ਤੇ ਫ਼ੋਨ ਕੀਤਾ ਪਰ ਢਾਈ ਘੰਟੇ ਤੱਕ ਮੌਕੇ ’ਤੇ ਪੁਲਿਸ ਦਾ ਕੋਈ ਮੁਲਾਜ਼ਮ ਨਹੀਂ ਪਹੁੰਚਿਆ। ਇਸ ਘਟਨਾ ਨੇ ਸ਼ਹਿਰ ਦੀ ਕਾਨੂੰਨ ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ, ਕਿਉਂਕਿ ਸ਼ਹਿਰ ’ਚ ਰੋਜ਼ਾਨਾ ਚੋਰੀ ਦੀ ਕੋਈ ਨਾ ਕੋਈ ਵੱਡੀ ਘਟਨਾ ਵਾਪਰ ਰਹੀ ਹੈ। ਪੁਲਿਸ ਦੀ ਇਸ ਢਿੱਲੀ ਕਾਰਵਾਈ ਅਤੇ ਪੁਲਿਸ ਮੁਲਾਜ਼ਮਾਂ ਵਲੋਂ ਉਸ ਨਾਲ ਕੀਤੀ ਬਦਸਲੂਕੀ ਕਾਰਨ ਪੀੜਤ ਦੁਕਾਨਦਾਰ ਹਰਪ੍ਰੀਤ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਕਰਦਿਆਂ ਗੰਭੀਰ ਦੋਸ਼ ਲਗਾਏ। ਪੀੜਤ ਦਾ ਦੋਸ਼ ਹੈ ਕਿ ਜਾਣਕਾਰੀ ਮਿਲਣ ਦੇ ਬਾਵਜੂਦ ਪੁਲਿਸ ਘਟਨਾ ਸਥਾਨ ’ਤੇ ਲਗਭਗ ਢਾਈ ਘੰਟੇ ਦੇਰੀ ਨਾਲ ਪਹੁੰਚੀ, ਜਿਨ੍ਹਾਂ ’ਚੋਂ ਕੁਝ ਪੁਲਿਸ ਵਾਲਿਆਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਦੀ ਮਦਦ ਕਰਨ ਦੀ ਬਜਾਏ ਉਸ ਨਾਲ ਬਦਤਮੀਜ਼ੀ ਨਾਲ ਪੇਸ਼ ਆਏ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਅਜੇ ਤੱਕ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। ਪੀੜਤ ਦੁਕਾਨਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਲਗਭਗ ਇਕ ਸਾਲ ਪਹਿਲਾਂ ਜ਼ੀਰਕਪੁਰ ਵਿਖੇ ਇਕ ਮੋਬਾਈਲ ਦੁਕਾਨ ਖੋਲ੍ਹੀ ਸੀ ਅਤੇ ਸਾਲ ’ਚ ਉਸ ਨਾਲ ਵਾਪਰੀ ਇਹ ਦੂਜੀ ਵੱਡੀ ਘਟਨਾ ਹੈ। ਪਹਿਲਾਂ ਉਸ ਦੀ ਦੁਕਾਨ ’ਤੇ ਵਾਪਰੀ ਘਟਨਾ ਲਈ ਉਸ ਨੂੰ ਐਫ. ਆਈ. ਆਰ. ਦਰਜ ਕਰਵਾਉਣ ਲਈ ਲਗਭਗ ਤਿੰਨ ਮਹੀਨੇ ਪੁਲਿਸ ਥਾਣੇ ਦੇ ਚੱਕਰ ਕੱਟਣੇ ਪਏ ਸਨ। ਪੀੜਤ ਦਾ ਦੋਸ਼ ਹੈ ਕਿ ਜਦੋਂ ਉਸ ਨੇ ਇਸ ਸੰਬੰਧੀ ਕਾਰਵਾਈ ਬਾਰੇ ਪੁੱਛਿਆ ਤਾਂ ਉਸ ਸਮੇਂ ਦੇ ਪੜਤਾਲੀਆ ਅਫ਼ਸਰ ਨੇ ਵੀ ਉਸ ਨਾਲ ਬਦਤਮੀਜ਼ੀ ਨਾਲ ਵਿਵਹਾਰ ਕੀਤਾ ਸੀ। ਸਥਾਨਕ ਦੁਕਾਨਦਾਰਾਂ ’ਚ ਇਸ ਘਟਨਾ ਕਾਰਨ ਬਹੁਤ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਦੇ ਦੁਕਾਨਦਾਰ ਵਾਰ-ਵਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਤੋਂ ਸਹਿਮੇ ਹੋਏ ਹਨ। ਸਥਾਨਕ ਵਪਾਰੀਆਂ ਦਾ ਦੋਸ਼ ਹੈ ਕਿ ਜ਼ੀਰਕਪੁਰ ’ਚ ਰਾਤ ਨੂੰ ਪੁਲਿਸ ਗਸ਼ਤ ਘੱਟ ਹੈ ਅਤੇ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਵੀ ਨਹੀਂ ਹਨ। ਇਸ ਲਾਪਰਵਾਹੀ ਦਾ ਫਾਇਦਾ ਉਠਾਉਂਦੇ ਹੋਏ ਅਪਰਾਧੀ ਬਿਨਾਂ ਕਿਸੇ ਡਰ ਦੇ ਅਪਰਾਧ ਕਰ ਰਹੇ ਹਨ। ਵਪਾਰੀਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਚੋਰੀ ਦੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਅਤੇ ਪੀੜਤ ਨਾਲ ਦੁਰਵਿਵਹਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਨਿਰਪੱਖ ਜਾਂਚ ਕੀਤੀ ਜਾਵੇ। ਉਨ੍ਹਾਂ ਸ਼ਹਿਰ ’ਚ ਰਾਤ ਦੀ ਗਸ਼ਤ ਵਧਾਉਣ ਦੀ ਵੀ ਮੰਗ ਕੀਤੀ। ਇਸ ਮਾਮਲੇ ਬਾਬਤ ਥਾਣਾ ਜ਼ੀਰਕਪੁਰ ਦੇ ਐਸ. ਐਚ. ਓ. ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਐਫ. ਆਈ. ਆਰ. ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ ਜਾਵੇਗੀ।