ਐੱਸ. ਏ. ਐੱਸ. ਨਗਰ, 29 ਜੂਨ (ਪ੍ਰੋ. ਅਵਤਾਰ ਸਿੰਘ)- ਸ਼ਹੀਦ ਜਥੇ. ਬਾਬਾ ਹਨੂੰਮਾਨ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 310ਵਾਂ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸੰਬੰਧ ‘ਚ ਸਵੇਰੇ 9 ਵਜੇ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਸਾਰਾ ਦਿਨ ਚੱਲੇ ਧਾਰਮਿਕ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਬੀਬੀ ਦਲੇਰ ਕੌਰ ਖ਼ਾਲਸਾ ਅਤੇ ਨਕੋਦਰ ਵਾਲੀਆਂ ਬੀਬੀਆਂ ਦੇ ਇੰਟਰਨੈਸ਼ਨਲ ਢਾਡੀ ਜਥੇ ਨੇ ਸੰਗਤਾਂ ਨੂੰ ਇਤਿਹਾਸ ਵਿਸਥਾਰ ਸਹਿਤ ਸਰਵਣ ਕਰਵਾਇਆ। ਇਸ ਤੋਂ ਬਾਅਦ ਬੀਬੀ ਜਸਪ੍ਰੀਤ ਕੌਰ ਪਟਿਆਲਾ ਵਾਲਿਆਂ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਦਕਿ ਸ਼੍ਰੋਮਣੀ ਪ੍ਰਚਾਰਕ ਭਾਈ ਮਨਜੀਤ ਸਿੰਘ ਲੁਧਿਆਣਾ ਵਾਲਿਆਂ ਨੇ ਪ੍ਰਵਚਨਾਂ ਦੀ ਸਾਂਝ ਪਾਈ। ਇਸੇ ਦੌਰਾਨ ਭਾਈ ਸਿਮਰਨਜੀਤ ਸਿੰਘ ਗੁਰਦੁਆਰਾ ਪੰਜੋਖਰਾ ਸਾਹਿਬ ਵਾਲਿਆਂ, ਭਾਈ ਹਰਸ਼ਰਨ ਸਿੰਘ ਪਟਿਆਲਾ ਵਾਲਿਆਂ, ਬੀਬੀ ਅਮਨਦੀਪ ਕੌਰ ਫਗਵਾੜਾ ਵਾਲੀਆਂ ਬੀਬੀਆਂ ਦੇ ਢਾਡੀ ਜਥੇ, ਭਾਈ ਕਰਨੈਲ ਸਿੰਘ ਜਵੱਦੀ ਟਕਸਾਲ ਵਾਲਿਆਂ, ਭਾਈ ਅੰਮ੍ਰਿਤਪਾਲ ਸਿੰਘ ਮੋਗਾ ਵਾਲਿਆਂ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਤੇ ਭਾਈ ਸੁਖਵਿੰਦਰ ਸਿੰਘ ਦੇ ਜਥੇ ਸਮੇਤ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਹਜ਼ੂਰੀ ਜਥੇ ਭਾਈ ਨਿਤਿਨ ਸਿੰਘ, ਭਾਈ ਸੰਦੀਪ ਸਿੰਘ, ਭਾਈ ਗੁਰਮੀਤ ਸਿੰਘ ਤੇ ਭਾਈ ਇੰਦਰਜੀਤ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹਜ਼ਾਰਾਂ ਸੰਗਤਾਂ ਨੇ ਇਸ ਅਸਥਾਨ ਦੇ ਪਵਿੱਤਰ ਸਰੋਵਰ ‘ਚ ਇਸ਼ਨਾਨ ਕੀਤਾ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।