ਐੱਸ. ਏ. ਐੱਸ. ਨਗਰ, 29 ਜੂਨ (ਕਪਿਲ ਵਧਵਾ)-ਇਕ ਵਿਆਹੁਤਾ ਵਲੋਂ ਦਹੇਜ਼ ਦੀ ਮੰਗ ਕਰਨ ਅਤੇ ਸਰੀਰਕ ਤੇ ਮਾਨਸਿਕ ਤਸ਼ੱਦਦ ਦੇ ਲਗਾਏ ਦੋਸ਼ਾਂ ਦੀ ਜਾਂਚ ਉਪਰੰਤ ਪੁਲਿਸ ਨੇ ਸਹੁਰੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਹਾਲੀ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਉਸ ਦਾ ਵਿਆਹ 2 ਨਵੰਬਰ 2025 ਨੂੰ ਚੰਡੀਗੜ੍ਹ ਦੇ ਸੈਕਟਰ-52 ਦੇ ਰਹਿਣ ਵਾਲੇ ਰਾਜਾ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਅਤੇ ਬਾਅਦ ‘ਚ ਸਹੁਰੇ ਪਰਿਵਾਰ ਵਲੋਂ ਲਗਾਤਾਰ ਦਹੇਜ਼ ਦੀ ਮੰਗ ਕੀਤੀ ਜਾਂਦੀ ਰਹੀ। ਉਸ ਦੇ ਪੇਕੇ ਪਰਿਵਾਰ ਨੇ ਸੋਨੇ-ਚਾਂਦੀ ਦੇ ਗਹਿਣਿਆਂ, ਨਕਦੀ, ਫ਼ਰਨੀਚਰ, ਮੋਟਰਸਾਈਕਲ, ਘਰੇਲੂ ਸਾਮਾਨ ਤੇ ਹੋਰ ਕੀਮਤੀ ਵਸਤਾਂ ਸਮੇਤ ਵੱਡੀ ਮਾਤਰਾ ਵਿਚ ਦਹੇਜ ਦਿੱਤਾ ਪਰ ਇਸ ਦੇ ਬਾਵਜੂਦ ਉਸ ਨੂੰ ਕਾਰ ਤੇ ਮਕਾਨ ਵਾਸਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਸ਼ਿਕਾਇਤ ਵਿਚ ਇਹ ਵੀ ਦੋਸ਼ ਲਗਾਇਆ ਗਿਆ ਕਿ ਵਿਆਹ ਮੌਕੇ ਮਿਲੇ ਸੋਨੇ-ਚਾਂਦੀ ਦੇ ਗਹਿਣਿਆਂ ਤੇ ਹੋਰ ਕੀਮਤੀ ਵਸਤਾਂ ਸੁਰੱਖਿਅਤ ਰੱਖਣ ਦੇ ਬਹਾਨੇ ਸਹੁਰੇ ਪਰਿਵਾਰ ਨੇ ਸਾਰਾ ਸਾਮਾਨ ਆਪਣੇ ਕੋਲ ਰੱਖ ਲਿਆ ਤੇ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਉਸ ਨੂੰ ਵਾਪਸ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਉਸ ਨਾਲ ਮਾਨਸਿਕ ਅਤੇ ਸਰੀਰਕ ਤੌਰ ‘ਤੇ ਕਥਿਤ ਤੌਰ ‘ਤੇ ਤਸ਼ੱਦਦ ਢਾਹਿਆ ਗਿਆ। ਮੁਹਾਲੀ ਪੁਲਿਸ ਸ਼ਿਕਾਇਤ ‘ਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਤੋਂ ਬਾਅਦ ਸਹੁਰੇ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰ ਲਈ ਹੈ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।