ਪੰਚਕੂਲਾ, 29 ਜੂਨ (ਕਪਿਲ)-ਪੰਚਕੂਲਾ ਪੁਲਿਸ ਨੇ ਅਪਰਾਧੀਆਂ ਅਤੇ ਗ਼ੈਰ-ਕਾਨੂੰਨੀ ਹਥਿਆਰ ਰੱਖਣ ਵਾਲਿਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਲਕਾ ਖੇਤਰ ਤੋਂ ਇਕ ਨੌਜਵਾਨ ਨੂੰ ਨਾਜਾਇਜ਼ ਦੇਸੀ ਕੱਟੇ ਅਤੇ ਇਕ ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਿਲ ਕੀਤੀ ਹੈ। ਮੁਲਜ਼ਮ ਦੀ ਪਛਾਣ ਕਾਲਕਾ ਦੇ ਰਹਿਣ ਵਾਲੇ ਨਿਖਿਲ ਚੌਰਸੀਆ (33) ਵਜੋਂ ਹੋਈ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ ਦੇ ਦੋ ਅਪਰਾਧਿਕ ਮਾਮਲੇ ਦਰਜ ਹਨ। ਨਿਖਿਲ ਨੂੰ ਕਾਬੂ ਕਰਨ ਉਪਰੰਤ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੋਂ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਮੁਤਾਬਿਕ ਡਿਟੈਕਟਿਵ ਸਟਾਫ਼ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਿਖਿਲ ਚੌਰਸੀਆ ਟਿਪਰਾ ਬਾਈਪਾਸ ਤੋਂ ਗਰੀਨ ਵੈਲੀ ਘਾਟੀ ਵੱਲ ਨੂੰ ਜਾਂਦੀ ਸੜਕ ‘ਤੇ ਨਾਜਾਇਜ਼ ਦੇਸੀ ਕੱਟੇ ਸਮੇਤ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੈ। ਸੂਚਨਾ ਮਿਲਦੇ ਹੀ ਡਿਟੈਕਟਿਵ ਸਟਾਫ਼ ਦੇ ਇੰਚਾਰਜ ਤਜਿੰਦਰ ਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਘੇਰਾਬੰਦੀ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਜਦੋਂ ਮੁਲਜ਼ਮ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ ‘ਚੋਂ ਇਕ ਨਾਜਾਇਜ਼ ਦੇਸੀ ਕੱਟਾ ਅਤੇ ਇਕ ਜ਼ਿੰਦਾ ਕਾਰਤੂਸ ਬਰਾਮਦ ਹੋਇਆ। ਮੁਲਜ਼ਮ ਮੌਕੇ ‘ਤੇ ਹਥਿਆਰ ਰੱਖਣ ਸੰਬੰਧੀ ਕੋਈ ਢੁਕਵਾਂ ਲਾਇਸੰਸ ਜਾਂ ਪਰਮਿਟ ਪੇਸ਼ ਨਹੀਂ ਕਰ ਸਕਿਆ। ਇਸ ਸੰਬੰਧੀ ਕਾਲਕਾ ਥਾਣੇ ‘ਚ ਆਰਮਜ਼ ਐਕਟ ਦੀ ਧਾਰਾ 25 (1ਬੀ) (ਏ) ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਨੇ ਪੁੱਛਗਿੱਛ ਦੌਰਾਨ ਗ਼ੈਰ-ਕਾਨੂੰਨੀ ਹਥਿਆਰ ਖ਼ਰੀਦਣ ਸੰਬੰਧੀ ਜਾਣਕਾਰੀ ਦਿੱਤੀ। ਪੁਲਿਸ ਹੁਣ ਹਥਿਆਰ ਸਪਲਾਈ ਕਰਨ ਵਾਲੇ ਵਿਅਕਤੀ ਦੀ ਪਛਾਣ ਕਰਕੇ ਉਸ ਦੀ ਗ੍ਰਿਫ਼ਤਾਰ ਪਾਉਣ ਲਈ ਛਾਪੇਮਾਰੀ ਕਰ ਰਹੀ ਹੈ।