ਬਠਿੰਡਾ, 31 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਿਲਵਰ ਓਕਸ ਸਕੂਲ, ਸੁਸ਼ਾਂਤ ਸਿਟੀ-2 ਬਠਿੰਡਾ ਵਲੋਂ ਅਧਿਆਪਨ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਅਤੇ ਕਲਾਸ-ਰੂਮ ਦੀ ਪ੍ਰਭਾਵਸ਼ੀਲਤਾ ਨੂੰ ਵਧਾਉਣ ਦੇ ਉਦੇਸ਼ ਨਾਲ 'ਲਰਨਿੰਗ ਆਊਟਕਮਜ਼ ਅਤੇ ਪੈਡਾਗੋਜੀ' (ਸਿੱਖਣ ਦੇ ਨਤੀਜੇ ਅਤੇ ਅਧਿਆਪਨ ਕਲਾ) ਵਿਸ਼ੇ 'ਤੇ ਇਕ ਕੈਪੇਸਿਟੀ ਬਿਲਡਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਦੀਵੇ ਜਗਾਉਣ ਦੀ ਰਸਮ ਅਤੇ ਪ੍ਰਾਰਥਨਾ ਨਾਲ ਹੋਈ | ਇਸ ਸੈਸ਼ਨ ਵਿਚ ਸਿਲਵਰ ਓਕਸ ਦੀਆਂ ਸਾਰੀਆਂ ਸ਼ਾਖਾਵਾਂ ਦੇ ਲਗਭਗ 60 ਅਧਿਆਪਕਾਂ ਨੇ ਭਾਗ ਲਿਆ | ਇਸ ਵਰਕਸ਼ਾਪ ਦਾ ਸੰਚਾਲਨ ਮਾਹਿਰ ਰਿਸੋਰਸ ਪਰਸਨ ਪੰਕਜ ਗਰਗ ਅਤੇ ਪਿ੍ਅੰਕਾ ਸੈਣੀ ਨੇ ਕੀਤਾ | ਉਨ੍ਹਾਂ ਨੇ ਨਤੀਜਾ-ਅਧਾਰਿਤ ਸਿੱਖਿਆ, ਨਵੀਨਤਾਕਾਰੀ ਅਧਿਆਪਨ ਰਣਨੀਤੀਆਂ ਅਤੇ ਪ੍ਰਭਾਵਸ਼ਾਲੀ ਕਲਾਸ-ਰੂਮ ਅਭਿਆਸਾਂ ਬਾਰੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਬਰਨਿੰਦਰਪਾਲ ਸੇਖੋਂ ਨੇ ਸਿੱਖਿਆ ਸ਼ਾਸਤਰੀਆਂ ਨੂੰ ਅਜੋਕੇ ਸਮੇਂ ਦੇ ਵਿਦਿਆਰਥੀਆਂ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਆਧੁਨਿਕ ਅਧਿਆਪਨ ਤਰੀਕਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਪ੍ਰਭਾਵਸ਼ਾਲੀ ਅਧਿਆਪਨ ਅਤੇ ਨਿਰੰਤਰ ਵਿਕਾਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਪਿ੍ੰਸੀਪਲ ਨੀਤੂ ਅਰੋੜਾ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਵਰਕਸ਼ਾਪ ਵਿਚ ਸਿੱਖਿਆ ਰਣਨੀਤੀਆਂ ਨੂੰ ਲਾਗੂ ਕਰਨ ਤਾਂ ਜੋ ਵਿਦਿਆਰਥੀਆਂ ਲਈ ਸਿੱਖਣ ਦੀ ਪ੍ਰਕਿਰਿਆ ਨੂੰ ਵਧੇਰੇ ਦਿਲਚਸਪ ਅਤੇ ਸਾਰਥਿਕ ਬਣਾਇਆ ਜਾ ਸਕੇ |
ਸਿਲਵਰ ਓਕਸ ਸਕੂਲ 'ਚ 'ਸਿੱਖਣ ਦੇ ਨਤੀਜੇ ਅਤੇ ਅਧਿਆਪਨ ਕਲਾ' ਵਿਸ਼ੇ 'ਤੇ ਪ੍ਰੋਗਰਾਮ ਦਾ ਆਯੋਜਨ
ਅਜੀਤ ਡੈਸਕ
01-02-2026