ਮਾਨਸਾ, 31 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਟਰੇਡ ਯੂਨੀਅਨਾਂ, ਮਜ਼ਦੂਰ, ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਇੱਥੇ ਹੋਈ | ਮੀਟਿੰਗ ਵਿਚ ਰਾਜਵਿੰਦਰ ਸਿੰਘ ਰਾਣਾ, ਰੁਲਦੂ ਸਿੰਘ ਮਾਨਸਾ, ਕਿ੍ਸ਼ਨ ਚੌਹਾਨ, ਲਾਲ ਚੰਦ ਸਰਦੂਲਗੜ੍ਹ, ਘਣਸ਼ਿਆਮ ਨਿੱਕੂ, ਸ਼ਿੰਦਰ ਕੌਰ, ਗੁਰਮੀਤ ਸਿੰਘ ਨੰਦਗੜ੍ਹ ਕੇਵਲ ਸਿੰਘ, ਭੋਲਾ ਰਾਮ, ਗੁਰਦੇਵ ਸਿੰਘ ਪੱਲੇਦਾਰ, ਬਲਵਿੰਦਰ ਘਰਾਂਗਣਾ, ਗੁਰਸੇਵਕ ਸਿੰਘ ਮਾਨ ਸ਼ਾਮਿਲ ਹੋਏ | ਸੰਬੋਧਨ ਕਰਦਿਆਂ ਕਾ. ਰਾਣਾ ਨੇ ਦੱਸਿਆ ਕਿ ਦੇਸ਼ ਦੇ ਸਮੂਹ ਮਿਹਨਤਕਸ਼ਾਂ ਨੇ ਲਗਪਗ ਪੂਰੇ ਟਰੇਡ ਯੂਨੀਅਨ ਅੰਦੋਲਨ ਦੇ ਜੁਆਇੰਟ ਮੋਰਚੇ ਵਲੋਂ ਬੁਲਾਈ ਗਈ ਅਤੇ ਸੰਯੁਕਤ ਕਿਸਾਨ ਮੋਰਚਾ ਅਤੇ ਖੇਤ ਤੇ ਪੇਂਡੂ ਮਜ਼ਦੂਰਾਂ ਦੀਆਂ ਯੂਨੀਅਨਾਂ ਦੇ ਪਲੇਟਫ਼ਾਰਮ ਵਲੋਂ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ, ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਇਸ ਨੂੰ ਸਫਲ ਬਣਾਉਣ ਲਈ 4 ਫਰਵਰੀ ਨੂੰ ਬਾਬਾ ਬੂਝਾ ਸਿੰਘ ਭਵਨ ਵਿਖੇ ਕਨਵੈੱਨਸ਼ਨ ਰੱਖੀ ਗਈ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ 8 ਘੰਟੇ ਦੀ ਕੰਮ ਦਿਹਾੜੀ, ਮਿਨੀਮਮ ਵੇਜ਼, ਸੋਸ਼ਲ ਸਿਕਿਉਰਿਟੀ ਅਤੇ ਬੇਸਿਕ ਲੇਬਰ ਪ੍ਰੋਟੈਕਸ਼ਨ (ਕਿਰਤ ਸੁਰੱਖਿਆ) ਸਿਰਫ਼ ਮਜ਼ਦੂਰਾਂ ਅਤੇ ਟਰੇਡ ਯੂਨੀਅਨਾਂ ਦੇ ਲਗਾਤਾਰ ਸੰਘਰਸ਼ਾਂ ਸਦਕਾ ਪ੍ਰਾਪਤ ਕੀਤੇ ਸਨ, ਜਿਨ੍ਹਾਂ ਨੂੰ ਮੋਦੀ ਸਰਕਾਰ ਖ਼ਤਮ ਕਰਨ ਜਾ ਰਹੀ ਹੈ | ਬੈਂਕ ਬੀਮਾ ਰੇਲਵੇ ਵਰਗੇ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ | ਇਸੇ ਤਰ੍ਹਾਂ ਬੀਜ ਐਕਟ ਰਾਹੀਂ ਮੋਦੀ ਸਰਕਾਰ ਬੀਜਾਂ ਤੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਏਕਾਧਿਕਾਰ ਸਥਾਪਤ ਕਰਨਾ ਚਾਹੁੰਦੀ ਹੈ | ਪ੍ਰਚੂਨ ਖੇਤਰ ਵਿਚ ਐਮਾਜ਼ਾਨ ਵਰਗੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਇਜਾਜ਼ਤ ਦੇ ਕੇ ਛੋਟੀਆਂ ਦੁਕਾਨਾਂ ਚਲਾ ਰਹੇ ਕਰੋੜਾਂ ਲੋਕਾਂ ਦਾ ਭਵਿੱਖ ਖ਼ਤਰੇ ਵਿਚ ਪਾ ਦਿੱਤਾ ਹੈ |
12 ਦੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਕਨਵੈਨਸ਼ਨ 4 ਨੂੰ
ਅਜੀਤ ਡੈਸਕ
01-02-2026