ਲਹਿਰਾ ਮੁਹੱਬਤ, 31 ਜਨਵਰੀ (ਸੁਖਪਾਲ ਸਿੰਘ ਸੁੱਖੀ)-ਦੀਪ ਇੰਸਟੀਚਿਊਟ ਆਫ਼ ਨਰਸਿੰਗ ਐਂਡ ਮੈਡੀਕਲ ਸਾਇੰਸ ਲਹਿਰਾ ਮੁਹੱਬਤ ਵਿਖੇ ਜੀ. ਐਨ. ਐਮ. ਭਾਗ ਪਹਿਲਾ ਦੇ ਵਿਦਿਆਰਥੀਆਂ ਲਈ ਭਰਵਾਂ ਸਵਾਗਤ ਕਰਦਿਆਂ ਫ਼ਰੈਸ਼ਰ ਪਾਰਟੀ ਕੀਤੀ ਗਈ | ਇਸ ਦੌਰਾਨ ਜੀ. ਐਨ. ਐਮ. ਭਾਗ ਪਹਿਲਾ ਤੇ ਦੂਜਾ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਸਮਾਗਮ ਦੌਰਾਨ ਗਿੱਧਾ, ਗੀਤ, ਸਕਿੱਟ ਤੇ ਸੱਭਿਆਚਾਰਕ ਵੱਖ-ਵੱਖ ਵੰਨਗੀਆਂ ਪੇਸ਼ ਕਰਕੇ ਰੰਗ ਬੰਨਿ੍ਹਆ | ਇਸ ਮੌਕੇ ਜੀ. ਐਨ. ਐਮ. ਭਾਗ ਪਹਿਲੇ ਦੇ ਵਿਦਿਆਰਥੀਆਂ ਵਿਚਕਾਰ ਮੁਕਾਬਲੇ ਕਰਵਾਏ ਗਏ | ਇਸ ਦੌਰਾਨ ਜੀ. ਐਨ. ਐਮ. ਭਾਗ ਪਹਿਲਾ ਦਾ ਵਿਦਿਆਰਥੀ ਕਰਨ ਬਰਾੜ ਮਿਸਟਰ ਫਰੈਸ਼ਰ ਤੇ ਅਰਮਾਨਪ੍ਰੀਤ ਕੌਰ ਮਿਸ ਫਰੈਸ਼ਰ ਵਜੋਂ ਚੁਣੇ ਗਏ | ਇਸ ਦੌਰਾਨ ਦੋਵੇਂ ਵਿਦਿਆਰਥੀਆਂ ਨੂੰ ਬੈਜ ਪਹਿਨਾ ਕੇ ਸਨਮਾਨ ਚਿੰਨ੍ਹ ਸਮੇਤ ਵਿਸ਼ੇਸ਼ ਤੌਰ 'ਤੇ ਸੰਸਥਾ ਦੇ ਪਿ੍ੰਸੀਪਲ ਕਮਲਜੀਤ ਕੌਰ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਮਨਦੀਪ ਸਿੰਘ ਢਿੱਲੋਂ ਨੇ ਨਵੇਂ ਸ਼ੈਸ਼ਨ ਵਿਚ ਆਏ ਵਿਦਿਆਰਥੀਆਂ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਸੰਸਥਾ ਹਮੇਸ਼ਾ ਸਮੂਹ ਵਿਦਿਆਰਥੀਆਂ ਦੀ ਭਲਾਈ ਤੇ ਉਨ੍ਹਾਂ ਲਈ ਬਿਹਤਰ ਸੇਵਾਵਾਂ ਦੇਣ ਲਈ ਤੱਤਪਰ ਰਹੇਗੀ | ਕਿਉਂਕਿ ਉਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਸਮਾਜ ਦੇ ਵੱਖ-ਵੱਖ ਮੈਡੀਕਲ ਨਾਲ ਸਬੰਧਿਤ ਖੇਤਰਾਂ ਵਿਚ ਉਨ੍ਹਾਂ ਕੋਲੋਂ ਸਿੱਖਿਅਤ ਵਿਦਿਆਰਥੀਆਂ ਨੇ ਦੇਸ਼ ਵਿਦੇਸ਼ ਲਈ ਸੇਵਾਵਾਂ ਦੇਣੀਆਂ ਹਨ | ਸਾਡੀ ਸੰਸਥਾ ਤੋਂ ਸਿੱਖਿਅਤ ਵਿਦਿਆਰਥੀ ਪੰਜਾਬ ਤੋਂ ਇਲਾਵਾ ਦੇਸ਼-ਵਿਦੇਸ਼ ਦੇ ਵੱਡੇ ਹਸਪਤਾਲਾਂ ਵਿਚ ਸੇਵਾਵਾਂ ਦੇ ਰਹੇ ਹਨ | ਇਸ ਤੋਂ ਇਲਾਵਾ ਉਨ੍ਹਾਂ ਸੰਸਥਾ ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੀ ਮਿਹਨਤ ਸਦਕਾ ਅਸੀਂ ਅੱਗੇ ਵੱਧ ਰਹੇ ਹਾਂ |