ਬਠਿੰਡਾ, 31 ਜਨਵਰੀ (ਪੱਤਰ ਪ੍ਰੇਰਕ)-ਬਠਿੰਡਾ ਆਸ਼ੀਰਵਾਦ ਮਾਈਕ੍ਰੋ ਫਾਈਨੈਂਸ ਲਿਮਟਿਡ ਕੰਪਨੀ ਨਾਲ ਸਬੰਧਿਤ 10.46 ਲੱਖ ਰੁਪਏ ਦੀ ਧੋਖਾਧੜੀ ਦੇ ਇਕ ਮਾਮਲੇ ਵਿਚ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ, ਬਠਿੰਡਾ ਦੀ ਅਦਾਲਤ ਨੇ ਵੱਡਾ ਸਟੈਂਡ ਲੈਂਦੇ ਹੋਏ ਪੁਲਿਸ ਨੂੰ ਮੁਕੱਦਮਾ ਦਰਜ ਕਰਨ ਅਤੇ ਸਹੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ | ਅਦਾਲਤ ਦੇ ਹੁਕਮਾਂ ਤੋਂ ਬਾਦ ਥਾਣਾ ਕੈਂਟ ਪੁਲਿਸ ਨੇ ਸਾਬਕਾ ਬਰਾਂਚ ਮੈਨੇਜਰ ਸਮੇਤ 11 ਲੋਕਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਦੋਸ਼ ਹੈ ਕਿ ਸਾਬਕਾ ਬਰਾਂਚ ਮੈਨੇਜਰ ਨੇ ਕਰਮਚਾਰੀਆਂ ਨਾਲ ਮਿਲੀ ਭੁਗਤ ਕਰਕੇ ਅਸਲੀ ਗਾਹਕਾਂ ਦੇ ਨਾਮ 'ਤੇ ਕਰਜ਼ੇ ਮਨਜ਼ੂਰ ਕਰਕੇ ਅਤੇ ਫ਼ੰਡਾਂ ਨੂੰ ਦੂਜੇ ਖਾਤਿਆਂ ਵਿਚ ਟਰਾਂਸਫ਼ਰ ਕਰਕੇ ਕੰਪਨੀ ਨਾਲ ਧੋਖਾਧੜੀ ਕੀਤੀ ਸੀ | ਹਾਲਾਂਕਿ ਅਦਾਲਤ ਨੇ ਪੁਲਿਸ ਦੀ ਇਸ ਦਲੀਲ ਨੂੰ ਸਵੀਕਾਰ ਨਹੀਂ ਕੀਤਾ | ਆਪਣੇ ਹੁਕਮਾਂ 'ਚ ਮੈਜਿਸਟ੍ਰੇਟ ਇੰਦਰਜੀਤ ਸਿੰਘ ਨੇ ਲਲਿਤਾ ਕੁਮਾਰੀ ਬਨਾਮ ਉਤਰ ਪ੍ਰਦੇਸ਼ ਰਾਜ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਕੋਈ ਅਪਰਾਧ ਸਾਬਤ ਹੁੰਦਾ ਹੈ ਤਾਂ ਮੁਕੱਦਮਾ ਦਰਜ ਕਰਨਾ ਲਾਜ਼ਮੀ ਹੁੰਦਾ ਹੈ | ਅਦਾਲਤ ਨੇ ਐਸ.ਐਸ.ਪੀ ਬਠਿੰਡਾ ਅਤੇ ਥਾਣਾ ਕੈਂਟ ਦੇ ਐਸ.ਐਚ.ਓ ਨੂੰ ਆਦੇਸ਼ ਦਿੱਤੇ ਕਿ ਸ਼ਿਕਾਇਤ ਦੇ ਅਧਾਰ 'ਤੇ ਤੁਰੰਤ ਮੁਕੱਦਮਾ ਦਰਜ ਕੀਤਾ ਜਾਵੇ ਤੇ ਸਾਰੇ ਨਾਮਜ਼ਦ ਮੁਲਜ਼ਮ ਕਰਮਚਾਰੀਆਂ ਦੇ ਬੈਂਕ ਖਾਤਾਧਾਰਕਾਂ ਦੀ ਭੂਮਿਕਾ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ | ਅਦਾਲਤ ਦੇ ਹੁਕਮਾਂ ਦੇ ਬਾਦ ਪੁਲਿਸ ਨੇ ਕੰਪਨੀ ਦੇ ਸਾਬਕਾ ਬਰਾਂਚ ਮੁੱਖ ਮੈਨੇਜਰ ਸੰਦੀਪ ਸਿੰਘ ਭੱਟੀ ਵਾਸੀ ਫ਼ਰੀਦਕੋਟ, ਆਕਾਸ਼ਦੀਪ ਸਿੰਘ ਵਾਸੀ ਫ਼ਰੀਦਕੋਟ, ਹਰਮੰਦਰ ਸਿੰਘ ਪਟਿਆਲਾ, ਜਸਪ੍ਰੀਤ ਕੌਰ, ਸ਼ਿਵਮ ਵਾਸੀ ਗਿੱਦੜਬਾਹ, ਕੁਲਦੀਪ ਕੌਰ, ਪਰਮਜੀਤ ਕੌਰ, ਸੁਖਜੀਤ ਕੌਰ, ਰਮਨਦੀਪ ਕੌਰ, ਅਨੀਤਾ ਰਾਣੀ ਤੇ ਸੁਮਨਦੀਪ ਕੌਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ |