ਨੂਰਪੁਰ ਬੇਦੀ, 5 ਮਾਰਚ (ਹਰਦੀਪ ਸਿੰਘ ਢੀਂਡਸਾ)- ਬੀਤੇ ਦਿਨੀਂ ਹੋਈਆਂ ਬਲਾਕ ਸੰਮਤੀ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਹਲਕਾ ਵਿਧਾਇਕ ਦਿਨੇਸ਼ ਚੱਢਾ ਦੀ ਅਗਵਾਈ ਹੇਠ ਭਾਰੀ ਬਹੁਮਤ ਹਾਸਲ ਕਰਦਿਆਂ ਕੁੱਲ 12 ਸੀਟਾਂ 'ਤੇ ਆਪਣਾ ਕਬਜ਼ਾ ਕਾਇਮ ਕੀਤਾ ਸੀ | ਇਸ ਜਿੱਤ ਤੋਂ ਬਾਅਦ ਨੂਰਪੁਰ ਬੇਦੀ ਬਲਾਕ ਸੰਮਤੀ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਸੀ | ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਜਾਰੀ ਅਧਿਸੂਚਨਾ ਅਨੁਸਾਰ ਬਲਾਕ ਸੰਮਤੀ ਨੂਰਪੁਰ ਬੇਦੀ ਦੀ ਚੇਅਰਮੈਨੀ ਦਾ ਅਹੁਦਾ ਮਹਿਲਾ ਵਰਗ ਲਈ ਰਾਖਵਾਂ ਕੀਤਾ ਗਿਆ ਸੀ, ਜਦਕਿ ਵਾਈਸ ਚੇਅਰਮੈਨ ਦਾ ਅਹੁਦਾ ਜਨਰਲ ਕੈਟਾਗਰੀ ਲਈ ਨਿਰਧਾਰਿਤ ਕੀਤਾ ਗਿਆ ਸੀ | ਇਸ ਸੰਬੰਧੀ ਅੱਜ ਸਥਾਨਕ ਬੀ.ਡੀ.ਪੀ.ਓ. ਦਫ਼ਤਰ ਨੂਰਪੁਰ ਬੇਦੀ ਵਿਖੇ ਚੁਣੇ ਹੋਏ ਸੰਮਤੀ ਮੈਂਬਰਾਂ ਦੀ ਮੀਟਿੰਗ ਬੁਲਾਈ ਗਈ | ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਸਾਰੇ ਹੀ ਸੰਮਤੀ ਮੈਂਬਰਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਲੈਂਦਿਆਂ ਕਾਹਨਪੁਰ ਖੂਹੀ ਜੋਨ ਤੋਂ ਚੋਣ ਲੜ ਕੇ ਜੇਤੂ ਰਹੀ ਅਤੇ ਗੁੱਜਰ ਭਾਈਚਾਰੇ ਨਾਲ ਸੰਬੰਧਿਤ ਸੁਨੀਤਾ ਦੇਵੀ ਬੂਥਗੜ੍ਹ ਨੂੰ ਬਲਾਕ ਸੰਮਤੀ ਨੂਰਪੁਰ ਬੇਦੀ ਦੀ ਚੇਅਰਮੈਨ ਚੁਣ ਲਿਆ | ਇਸੇ ਤਰ੍ਹਾਂ ਸਰਥਲੀ ਜੋਨ ਤੋਂ ਜੇਤੂ ਸੰਮਤੀ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਫਾਊਾਡਰ ਮੈਂਬਰ ਰਾਮ ਪ੍ਰਤਾਪ ਤਾਰੀ ਨੂੰ ਬਲਾਕ ਸੰਮਤੀ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਮੌਕੇ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਨਵੇਂ ਚੁਣੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਹਾਰ ਪਾਕੇ ਮੁਬਾਰਕਬਾਦ ਦਿੱਤੀ ਅਤੇ ਹੋਰਨਾਂ ਸੰਮਤੀ ਮੈਂਬਰਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਨਵੀਂ ਚੇਅਰਮੈਨ ਸੁਨੀਤਾ ਦੇਵੀ ਬੂਥਗੜ੍ਹ ਅਤੇ ਵਾਈਸ ਚੇਅਰਮੈਨ ਰਾਮ ਪ੍ਰਤਾਪ ਤਾਰੀ ਨੇ ਵੀ ਵਿਧਾਇਕ ਦਿਨੇਸ਼ ਚੱਢਾ ਅਤੇ ਸੰਮਤੀ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਦੇਸ ਰਾਜ ਸੈਣੀ, ਜਰਨੈਲ ਸਿੰਘ ਐਨ ਆਰ ਆਈ, ਭਜਨ ਲਾਲ ਸੋਡੀ, ਨਰਿੰਦਰ ਨਿੰਦੀ ਚਾਹਲ, ਸਰਪੰਚ ਬਲਦੇਵ ਰਾਜ ਕਾਂਗੜ, ਸਾਬਕਾ ਸਰਪੰਚ ਮੋਹਣ ਲਾਲ ਕਾਂਗੜ, ਬਲਵੀਰ ਚੰਦ ਭੋਲੇਵਾਲ, ਆਸ਼ੂ ਕਾਲੜਾ ਅਤੇ ਹੋਰ ਹਾਜ਼ਰ ਸਨ |