ਰੂਪਨਗਰ, 3 ਅਪ੍ਰੈਲ (ਸਤਨਾਮ ਸਿੰਘ ਸੱਤੀ)-ਸੀਨੀਅਰ ਸਿਟੀਜਨਜ਼ ਕੌਂਸਲ ਰੂਪਨਗਰ ਦੀ ਮਹੀਨਾਵਾਰ ਮੀਟਿੰਗ ਸਰਕਾਰੀ (ਕੰਨਿਆਂ) ਸੀਨੀਅਰ ਸੈਕੰਡਰੀ ਸਕੂਲ ਦੇ ਸੈਮੀਨਾਰ ਹਾਲ ਵਿਚ ਹੋਈ | ਗੁਰਬਾਣੀ ਸ਼ਬਦ ਗਾਇਨ ਤੋਂ ਬਾਅਦ ਵਿੱਛੜੀਆਂ ਰੂਹਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ | ਇਸ ਮੌਕੇ ਡਾ. ਕਮਲਦੀਪ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਹਾਜ਼ਰੀਨ ਨੂੰ ਵੱਖ-ਵੱਖ ਬਿਮਾਰੀਆਂ, ਖਾਸ ਕਰਕੇ ਨਮੂਨੀਆ ਅਤੇ ਛਾਤੀ ਨਾਲ ਸੰਬੰਧਿਤ ਇਨਫੈਕਸ਼ਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਸ਼ੂਗਰ ਦੀ ਬਿਮਾਰੀ ਸਬੰਧੀ ਜਰੂਰੀ ਸਾਵਧਾਨੀਆਂ ਬਾਰੇ ਵੀ ਦੱਸਿਆ ਗਿਆ | ਉਨ੍ਹਾਂ ਖੰਘ ਦੀ ਸਥਿਤੀ ਵਿਚ ਐਂਟੀਬਾਇਓਟਿਕ ਦਵਾਈਆਂ ਸਿਰਫ ਮਾਹਿਰ ਡਾਕਟਰ ਦੀ ਸਲਾਹ ਨਾਲ ਹੀ ਲੈਣ ਦੀ ਅਪੀਲ ਕੀਤੀ | ਇਸ ਦੌਰਾਨ ਹਾਜ਼ਰੀਨ ਅਤੇ ਡਾਕਟਰ ਵਿਚਕਾਰ ਸਵਾਲ-ਜਵਾਬ ਦਾ ਸੈਸ਼ਨ ਵੀ ਹੋਇਆ | ਇਸ ਮੌਕੇ ਚੌਧਰੀ ਹਸਪਤਾਲ ਵਲੋਂ ਕੌਂਸਲ ਦੀਆਂ ਬਜ਼ੁਰਗਾਂ ਪ੍ਰਤੀ ਸੇਵਾਵਾਂ ਦੀ ਪ੍ਰਸ਼ੰਸਾ ਕਰਦਿਆਂ 11,000 ਰੁਪਏ ਦੀ ਮਾਲੀ ਸਹਾਇਤਾ ਵੀ ਦਿੱਤੀ ਗਈ | ਮੀਟਿੰਗ ਦੌਰਾਨ ਪਰਮਿੰਦਰ ਸਿੰਘ ਜਖਮੀ, ਕੈਪਟਨ ਹਰਪਾਲ ਸਿੰਘ ਸੰਧੂ, ਸੁੱਚਾ ਸਿੰਘ ਅੰਧਰੇੜਾ, ਇੰਸਪੈਕਟਰ ਕੇਹਰ ਸਿੰਘ, ਸੁਰਿੰਦਰ ਸਿੰਘ ਸੈਣੀ, ਗੁਰਬਚਨ ਸਿੰਘ ਬੇਲੀ, ਅਸ਼ੋਕ ਕੁਮਾਰ ਕਪੂਰ, ਅਮਨਦੀਪ ਸਿੰਘ ਅਤੇ ਰਜਿੰਦਰ ਸਿੰਘ ਨਨੂੰਆ ਸਮੇਤ ਹੋਰ ਮੈਂਬਰਾਂ ਨੇ ਆਪਣੀਆਂ ਰਚਨਾਵਾਂ, ਸੁਝਾਅ ਅਤੇ ਵਿਚਾਰ ਸਾਂਝੇ ਕੀਤੇ | ਕੌਂਸਲ ਮੈਂਬਰ ਰਵਿੰਦਰ ਸਿੰਘ ਨੇ ਯੋਗ ਆਸਨਾਂ ਦੀ ਸਹੀ ਵਿਧੀ ਅਤੇ ਯੋਗਾ ਨਾਲ ਹੋਏ ਸਿਹਤ ਸੁਧਾਰਾਂ ਬਾਰੇ ਜਾਣਕਾਰੀ ਦਿੱਤੀ | ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਨੇ ਮੁੱਖ ਮਹਿਮਾਨ ਅਤੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਪਰਮਿੰਦਰ ਕੌਰ ਪੰਦੋਹਲ ਵਲੋਂ ਬਾਖੂਬੀ ਨਿਭਾਈ ਗਈ |