ਬੇਲਾ, 3 ਅਪ੍ਰੈਲ ( ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦਾ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ | ਇਸ ਮੌਕੇ ਸੁਖਵਿੰਦਰ ਸਿੰਘ ਵਿਸਕੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਖੇਡ ਮੇਲੇ ਦੀ ਸ਼ੁਰੂਆਤ ਐਨ.ਸੀ.ਸੀ. ਅਤੇ ਐਨ.ਐਸ.ਐਸ. ਟੁਕੜੀਆਂ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ, ਉਪਰੰਤ ਸਲਾਮੀ ਦਿੱਤੀ ਗਈ ਮੁੱਖ ਮਹਿਮਾਨ ਵਲੋਂ ਝੰਡਾ ਲਹਿਰਾ ਕੇ ਕੀਤੀ ਗਈ | ਇਸ ਦੇ ਨਾਲ ਹੀ ਕਾਲਜ ਦੇ ਅੰਤਰਰਾਸ਼ਟਰੀ ਪੱਧਰ 'ਤੇ ਸੋਨੇ ਦੇ ਤਗਮੇ ਜਿੱਤਣ ਵਾਲੇ ਵਿਦਿਆਰਥੀਆਂ ਵਲੋਂ ਖੇਡ ਮਸ਼ਾਲ ਰੌਸ਼ਨ ਕੀਤੀ ਗਈ ਅਤੇ ਭਾਵਨਾ ਨਾਲ ਭਾਗ ਲੈਣ ਦੀ ਸਹੁੰ ਚੁਕਾਈ ਗਈ | ਸੁਖਵਿੰਦਰ ਸਿੰਘ ਵਿਸਕੀ ਨੇ ਸਟਾਫ਼, ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਵਿਚ ਅਨੁਸ਼ਾਸਨ, ਟੀਮ ਵਰਕ ਅਤੇ ਸਿਹਤਮੰਦ ਸੋਚ ਨੂੰ ਉਤਸ਼ਾਹਿਤ ਕਰਦੀਆਂ ਹਨ | ਪਿ੍ੰਸੀਪਲ ਡਾ. ਸਤਵੰਤ ਕੌਰ ਸ਼ਾਹੀ ਵੱਲੋਂ ਮੁੱਖ-ਮਹਿਮਾਨ ਤੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਖੇਡ ਮੇਲੇ ਦੇ ਦੂਜੇ ਪੜਾਅ ਵਿਚ ਸੰਗਤ ਸਿੰਘ ਲੌਂਗੀਆਂ ਨੇ ਮੁੱਖ ਮਹਿਮਾਨ ਅਤੇ ਮੈਂਬਰ ਗੁਰਮੇਲ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਕੱਤਰ ਜਗਵਿੰਦਰ ਸਿੰਘ ਪੰਮੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜੇਤੂਆਂ ਨੂੰ ਸਨਮਾਨਿਤ ਕਰਦਿਆਂ ਸਮਾਪਤੀ ਦੀ ਘੋਸ਼ਣਾ ਕੀਤੀ | ਖੇਡਾਂ ਦੌਰਾਨ ਲੜਕਿਆਂ ਅਤੇ ਲੜਕੀਆਂ ਵਲੋਂ 100 ਮੀਟਰ, 200 ਮੀਟਰ, 400 ਮੀਟਰ ਅਤੇ 800 ਮੀਟਰ ਦੌੜਾਂ, ਲੰਬੀ ਛਾਲ, ਟਿ੍ਪਲ- ਜੰਪ, ਡਿਸਕਸ-ਥਰੋੋ, ਹੈਮਰ ਥਰੋ, ਸ਼ਾਟ-ਪੁੱਟ ਅਤੇ ਨਿੰਬੂ-ਚਮਚਾ, ਤਿੰਨ ਟੰਗੀ ਦੌੜ ਵਰਗੇ ਮੁਕਾਬਲੇ ਕਰਵਾਏ ਗਏ, ਰੱਸਾਕਸ਼ੀ (ਲੜਕੇ) ਕੰਪਿਊਟਰ ਵਿਭਾਗ ਨੇ ਪਹਿਲਾ ਸਥਾਨ, ਕਾਮਰਸ ਵਿਭਾਗ (ਲੜਕੇ) ਨੇ ਦੂਜਾ ਸਥਾਨ, ਰੱਸਾਕਸ਼ੀ (ਲੜਕੀਆਂ) ਕਾਮਰਸ ਵਿਭਾਗ ਪਹਿਲਾ ਸਥਾਨ ਅਤੇ ਹਿਊਮੈਨਟੀਜ਼ ਵਿਭਾਗ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਬੈੱਸਟ ਐਥਲੀਟ ਦਮਨਪ੍ਰੀਤ ਕੌਰ (ਬੀ.ਸੀ.ਏ. ਭਾਗ ਦੂਜਾ) ਅਤੇ ਲਕਸ਼ਪ੍ਰੀਤ ਸਿੰਘ (ਬੀ.ਸੀ.ਏ. ਭਾਗ ਪਹਿਲਾ) ਨੂੰ ਚੁਣਿਆ ਗਿਆ | ਇਹ ਸਮਾਰੋਹ ਕਾਲਜ ਪਿ੍ੰਸੀਪਲ ਡਾ. ਸਤਵੰਤ ਕੌਰ ਸ਼ਾਹੀ ਦੀ ਅਗਵਾਈ ਹੇਠ ਲੈਫ਼ਟੀਨੈਂਟ ਪਿ੍ਤਪਾਲ ਸਿੰਘ ਅਤੇ ਪ੍ਰੋ. ਅਮਰਜੀਤ ਸਿੰਘ ਦੇ ਸਹਿਯੋਗ ਨਾਲ ਸਫਲਤਾਪੂਰਵਕ ਸੰਪੰਨ ਹੋਇਆ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਮਮਤਾ ਅਰੋੜਾ, ਪ੍ਰੋ. ਹਰਲੀਨ ਕੌਰ, ਪ੍ਰੋ. ਪਿ੍ਤਪਾਲ ਸਿੰਘ, ਪੋ੍ਰ. ਇਸ਼ੂ ਬਾਲਾ ਅਤੇ ਡਾ. ਪਰਵਿੰਦਰ ਕੌਰ ਨੇ ਬਾਖ਼ੂਬੀ ਨਿਭਾਈ |