ਪੁਰਖਾਲੀ, 3 ਅਪ੍ਰੈਲ (ਅੰਮਿ੍ਤਪਾਲ ਸਿੰਘ ਬੰਟੀ)-ਸਿਵਲ ਸਰਜਨ ਰੂਪਨਗਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਭਰਤਗੜ੍ਹ ਦੇ ਦਿਸ਼ਾ ਨਿਰਦੇਸ਼ ਹੇਠ ਸਿਹਤ ਵਿਭਾਗ ਭੱਦਲ ਦੀ ਟੀਮ ਵਲੋਂ ਐਚ. ਡਬਲਿਊ. ਸੀ. ਭੱਦਲ ਅਧੀਨ ਪੈਂਦੇ ਪਿੰਡਾਂ ਵਿਚ ਐਚ. ਪੀ. ਵੀ. ਵੈਕਸੀਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਉਨ੍ਹਾ ਵਲੋਂ ਲੋਕਾਂ ਨੂੰ ਟੀਕਾਕਰਨ ਪ੍ਰੋਗਰਾਮ, ਸੰਤੁਲਿਤ ਖ਼ੁਰਾਕ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਹਰਗੋਪਾਲ ਸੈਣੀ ਸਿਹਤ ਕਰਮਚਾਰੀ ਵਲੋਂ ਕੈਂਪ ਵਿਚ ਕਿਸ਼ੋਰ ਲੜਕੀਆਂ ਲਈ ਲਗਾਈ ਜਾਣ ਵਾਲੀ ਐਚ.ਪੀ.ਵੀ.ਵੈਕਸੀਨ ਸੰਬੰਧੀ ਵੀ ਜਾਗਰੂਕ ਕੀਤਾ ਗਿਆ | ਹਰਗੋਪਾਲ ਸੈਣੀ ਸਿਹਤ ਕਰਮਚਾਰੀ ਨੇ ਦੱਸਿਆ ਕਿ ਇਹ ਵੈਕਸੀਨ ਕਿਸ਼ੋਰ ਲੜਕੀਆਂ ਨੂੰ ਕੈਂਸਰ ਦੀ ਬਿਮਾਰੀ ਤੋਂ ਬਚਾਉਣ ਲਈ ਸਰਕਾਰ ਵਲੋਂ ਮੁਫ਼ਤ ਲਗਾਈ ਜਾਂਦੀ ਹੈ, ਇਸ ਲਈ ਸਾਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਆਪਣੀਆਂ ਲੜਕੀਆਂ ਨੂੰ ਇਹ ਵੈਕਸੀਨ ਜ਼ਰੂਰ ਲਗਵਾਉਣੀ ਚਾਹੀਦੀ ਹੈ, ਤਾਂ ਜੋ ਲੜਕੀਆਂ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ | ਕੈਂਪ ਵਿਚ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਦੇ ਲੱਛਣਾਂ ਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਪ੍ਰੋਮਿਲਾ ਦੇਵੀ ਐਲ. ਐੱਚ. ਵੀ., ਜਗਦੀਸ਼ ਸਿੰਘ ਐਸ. ਆਈ., ਆਰਤੀ ਏ. ਐਨ. ਐਮ., ਨੇਹਾ ਸੀ.ਐੱਚ.ਓ., ਕੁਲਵਿੰਦਰ ਸਿੰਘ, ਪਰਮਜੀਤ ਕੌਰ ਅਤੇ ਹੋਰ ਲੋਕ ਹਾਜ਼ਰ ਸਨ |