ਨੂਰਪੁਰ ਬੇਦੀ, 5 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਵਿਖੇ 3 ਤੋਂ 5 ਅਪ੍ਰੈਲ ਤੱਕ ਹੋਈਆਂ 38ਵੀਆਂ ਆਸਟਰੇਲੀਅਨ ਸਿੱਖ ਖੇਡਾਂ ਵਿਚ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਭਾਓਵਾਲ ਨਾਲ ਸੰਬੰਧਿਤ ਮਾ.ਰਾਜਿੰਦਰ ਸਿੰਘ ਧਨੋਆ ਨੇ ਤਿੰਨ ਤਗਮੇ ਜਿੱਤਣ ਵਿਚ ਸਫਲਤਾ ਹਾਸਲ ਕੀਤੀ ਹੈ | ਮਾ.ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਹਨਾਂ ਖੇਡਾਂ ਦੇ 100 ਮੀ.200 ਮੀ. ਅਤੇ ਸ਼ਾਟ ਪੁੱਟ ਮੁਕਾਬਲਿਆਂ ਵਿਚ ਭਾਗ ਲਿਆ ਸੀ | ਇਹਨਾਂ ਮੁਕਾਬਲਿਆਂ ਵਿਚ ਆਸਟਰੇਲੀਆ ਦੀਆਂ 7 ਸਟੇਟਾਂ ਤੋਂ ਇਲਾਵਾ ਨਿਊਜ਼ੀਲੈਂਡ ਦੇ ਸਿੱਖ ਅਥਲੀਟਾਂ ਵਲੋਂ ਵੀ ਭਾਗ ਲਿਆ ਗਿਆ ਸੀ | ਜਿਸ ਵਿਚ ਉਨ੍ਹਾਂ ਨੇ 200 ਮੀਟਰ ਦੌੜ ਅਤੇ ਸ਼ਾਟਪੁੱਟ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ ਜਦਕਿ ਸ਼ਾਟਪੁੱਟ ਮੁਕਾਬਲਿਆਂ ਵਿਚ ਉਨ੍ਹਾਂ ਨੇ ਤੀਜਾ ਸਥਾਨ ਹਾਸਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਹਨਾਂ ਖੇਡਾਂ ਵਿਚ ਕਰੀਬ 9000 ਅਥਲੀਟਾਂ ਨੇ ਭਾਗ ਲਿਆ ਸੀ | ਜਿਸ ਵਿਚ ਉਨ੍ਹਾਂ ਨੇ 70-79 ਸਾਲ ਉਮਰ ਵਰਗ ਵਿਚ ਭਾਗ ਲਿਆ ਸੀ | ਮਾ.ਰਜਿੰਦਰ ਸਿੰਘ ਧਨੋਆ ਨੇ 79 ਸਾਲਾਂ ਦੀ ਉਮਰ ਵਿਚ ਇਹ ਤਗਮੇ ਜਿੱਤ ਕੇ ਪੰਜਾਬ ਦਾ ਨਾਮ ਆਸਟੇ੍ਰਲੀਆ ਦੀ ਧਰਤੀ 'ਤੇ ਰੌਸ਼ਨ ਕੀਤਾ ਹੈ | ਦੱਸਣਯੋਗ ਹੈ ਕਿ 1987 ਤੋਂ ਆਸਟਰੇਲੀਅ 'ਚ ਇਹ ਸਿੱਖ ਖੇਡਾਂ ਕਰਵਾਈਆਂ ਜਾ ਰਹੀਆਂ ਹਨ | ਮਾ ਰਾਜਿੰਦਰ ਸਿੰਘ ਧਨੋਆ ਦੀ ਇਸ ਸ਼ਾਨਦਾਰ ਜਿੱਤ 'ਤੇ ਇਲਾਕੇ ਦੇ ਖੇਡ ਪ੍ਰੇਮੀਆਂ ਜਿਨ੍ਹਾਂ 'ਚ ਨਿਰਮਲ ਸਿੰਘ ਧਨੋਆ ਖੇਡ ਪ੍ਰਮੋਟਰ, ਮਾ.ਗੁਰਵਿੰਦਰ ਸਿੰਘ ਸਸਕੌਰ, ਮਾ.ਸ਼ਿੰਗਾਰਾ ਸਿੰਘ ਬੈਂਸ, ਇੰਜ.ਕੇਸਰ ਸਿੰਘ, ਨਰਿੰਦਰਜੀਤ ਸਿੰਘ ਨਿੰਦੀ, ਹੈੱਡਮਾਸਟਰ ਸੁਖਵਿੰਦਰ ਸਿੰਘ, ਡਾ.ਚਰਨ ਸਿੰਘ, ਹਰਜਿੰਦਰ ਸਿੰਘ ਭਾਓਵਾਲ, ਨਰਿੰਦਰ ਬੰਗਾ, ਗੱਜਣ ਸਿੰਘ, ਕਰਨੈਲ ਸਿੰਘ ਭਾਓਵਾਲ, ਮਾ.ਬਲਦੇਵ ਸਿੰਘ ਬੰਗਾ, ਸੁਖਵਿੰਦਰ ਸਿੰਘ ਅਤੇ ਦਰਸ਼ਨ ਸੈਣੀਮਾਜਰਾ ਸਮੇਤ ਹੋਰਨਾਂ ਨੇ ਮਾ.ਰਜਿੰਦਰ ਸਿੰਘ ਨੂੰ ਵਧਾਈ ਦਿੱਤੀ |