ਨੰਗਲ, 24 ਅਪੈ੍ਰਲ (ਗੁਰਪ੍ਰੀਤ ਸਿੰਘ ਗਰੇਵਾਲ)-'ਮੋਬਾਈਲ ਦੀ ਵਰਤੋਂ ਸਕੂਲੀ ਵਿਦਿਆਰਥੀਆਂ ਨੂੰ ਧੜਾਧੜ ਐਨਕਾਂ ਹੀ ਨਹੀਂ ਵੰਡ ਰਹੀ ਸਗੋਂ ਸਮਾਜ 'ਚ ਵੱਡੀ ਗਿਣਤੀ 'ਚ ਮਾਨਸਿਕ ਰੋਗੀ ਵੀ ਪੈਦਾ ਕਰ ਰਹੀ ਹੈ' | ਇਹ ਵਿਚਾਰ ਸ੍ਰੀ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾ. ਸੰਜੀਵ ਗੌਤਮ ਨੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਪ੍ਰਗਟ ਕੀਤੇ | ਭਵਿੱਖ 'ਚ ਡਾਕਟਰ ਲੂਣ/ਮਿੱਠਾ ਘੱਟ ਕਰਨ ਦੀ ਸਲਾਹ ਦੇਣ ਦੇ ਨਾਲ ਨਾਲ ਡਿਜੀਟਲ ਹੌਲੀਡੇ ਕਰਨ ਨੂੰ ਵੀ ਕਹਿਣਗੇ | ਡਾ. ਗੌਤਮ, ਜਿਹੜੇ ਆਮ ਆਦਮੀ ਪਾਰਟੀ ਜ਼ਿਲ੍ਹਾ ਰੂਪਨਗਰ ਦੇ ਇੰਚਾਰਜ ਵੀ ਹਨ, ਨੇ ਕਿਹਾ ਕਿ ਸਕੂਲਾਂ ਦੇ ਵਿਦਿਆਰਥੀ ਰੋਗੀ ਬਣ ਰਹੇ ਹਨ, ਕਿਉਂਕਿ ਸਾਂਵੀ ਖ਼ੁਰਾਕ ਦੀ ਥਾਂ ਫਾਸਟ ਫੂਡ ਦਾ ਰੁਝਾਨ ਚੱਲ ਪਿਆ ਹੈ | ਇਸ ਮੌਕੇ ਮੌਜੂਦ ਇਲਾਕੇ ਦੇ ਰੇਡਿਓਲੋਜਿਸਟ ਡਾ. ਸਤਬੀਰ ਸਿੰਘ ਤੇ ਉੱਘੇ ਚੌਗਿਰਦਾ ਪ੍ਰੇਮੀ ਡਾ. ਪ੍ਰਭਾਤ ਭੱਟੀ ਨੇ ਡਾ. ਗੌਤਮ ਨੂੰ ਪੁਸਤਕ ਭੇਟ ਕੀਤੀ | ਡਾ. ਸਤਬੀਰ ਨੇ ਦੱਸਿਆ ਕਿ 1960 ਤੱਕ ਸਾਡੀ ਖ਼ੁਰਾਕ 'ਚ ਕਣਕ, ਜਵਾਹਰ, ਰਾਗੀ, ਬਾਜਰਾ, ਛੋਲੇ ਸ਼ਾਮਿਲ ਸੀ | 1960-1990 ਤੱਕ ਚਾਵਲ-ਕਣਕ ਦੀ ਸਰਦਾਰੀ ਰਹੀ 1990 ਤੋਂ ਹੁਣ ਤੱਕ ਅਸੀਂ ਮਨਚੂਰੀਨ, ਪਿਜ਼ਾ, ਬਰਗਰ, ਪਾਸਤਾ ਦੇ ਦੀਵਾਨੇ ਹੋ ਗਏ ਹਾਂ | ਪੁਰਖਿਆਂ ਦਾ ਭੋਜਨ ਲਾਂਭੇ ਹੋਣ ਕਾਰਨ ਸਾਡੀ ਸਰੀਰਕ ਸਿਹਤ ਨਿਰੰਤਰ ਵਿਗੜ ਰਹੀ ਹੈ |