ਰੂਪਨਗਰ, 1 ਮਈ (ਯਸ਼ਵੰਤ ਬੱਸੀ)-ਸਿਹਤ ਵਿਭਾਗ ਰੂਪਨਗਰ ਵਲੋਂ ਸਿਵਲ ਸਰਜਨ ਡਾ. ਰਮਨ ਗੁਪਤਾ ਦੀ ਅਗਵਾਈ ਹੇਠ ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ ਤਹਿਤ ਮਿਸ਼ਨ ਏਡਜ਼ ਸੁਰੱਖਿਆ ਸਬੰਧੀ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ | ਮੀਟਿੰਗ ਦੌਰਾਨ ਸਿਵਲ ਸਰਜਨ ਵਲੋਂ 95-95-99 ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਕੀਤੇ ਜਾ ਰਹੇ ਕੰਮ ਦੀ ਸਮੀਖਿਆ ਕੀਤੀ ਗਈ | ਸਿਵਲ ਸਰਜਨ ਡਾ. ਰਮਨ ਗੁਪਤਾ ਨੇ 95-95-99 ਟਾਰਗੇਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਨੁਮਾਨਿਤ ਆਬਾਦੀ ਵਿੱਚੋਂ 95 ਫ਼ੀਸਦੀ ਲੋਕਾਂ ਨੂੰ ਆਪਣੇ ਐੱਚ.ਆਈ.ਵੀ. ਸਟੇਟਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ, 95 ਪ੍ਰਤੀਸ਼ਤ ਐੱਚ.ਆਈ.ਵੀ. ਪੌਜ਼ੀਟਿਵ ਵਿਅਕਤੀ ਏ.ਆਰ.ਟੀ. ਇਲਾਜ ਅਧੀਨ ਹੋਣ ਅਤੇ 99 ਫ਼ੀਸਦੀ ਮਰੀਜ਼ਾਂ ਦਾ ਵਾਇਰਲ ਲੋਡ ਕੰਟਰੋਲ ਵਿਚ ਹੋਣਾ ਲਾਜ਼ਮੀ ਹੈ | ਸਿਵਲ ਸਰਜਨ ਨੇ 01 ਦਸੰਬਰ 2026 ਤੱਕ 100 ਫ਼ੀਸਦੀ ਟੀਚਾ ਹਾਸਲ ਕਰਨ ਲਈ ਪੂਰੀ ਤਿਆਰੀ ਅਤੇ ਯੋਜਨਾ ਨਾਲ ਕੰਮ ਕਰਨ ਲਈ ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ | ਇਸ ਦੌਰਾਨ ਮੈਡੀਕਲ ਅਫ਼ਸਰ ਏ.ਆਰ.ਟੀ. ਸੈਂਟਰ ਕੰਵਲਜੀਤ ਕੌਰ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਚ.ਆਈ.ਵੀ. ਪੀੜਤ ਮਰੀਜ਼ਾਂ ਦਾ ਸਮੇਂ-ਸਮੇਂ 'ਤੇ ਫਾਲੋਅੱਪ ਕੀਤਾ ਜਾਵੇ ਅਤੇ ਜਿਹੜੇ ਮਰੀਜ਼ ਦੂਜੇ ਸਥਾਨਾਂ 'ਤੇ ਸ਼ਿਫਟ ਹੋ ਜਾਂਦੇ ਹਨ, ਉਨ੍ਹਾਂ ਦਾ ਵੀ ਮੁਕੰਮਲ ਰਿਕਾਰਡ ਸੰਭਾਲਿਆ ਜਾਵੇਗਾ | ਇਸ ਮੀਟਿੰਗ ਵਿਚ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਨਵਰੂਪ ਕੌਰ, ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਰੂਹਪ੍ਰੀਤ, ਮੈਡੀਕਲ ਅਫ਼ਸਰ ਏ.ਆਰ.ਟੀ. ਸੈਂਟਰ ਕੰਵਲਜੀਤ ਕੌਰ, ਡਾ. ਯਾਦਵਿੰਦਰ, ਡਾ. ਅਮਨ, ਡਾ. ਪਰਮਵੀਰ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਮੀਤ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਰੀਤੂ, ਰਾਕੇਸ਼ ਸਿੰਘ ਅਤੇ ਸੀ.ਪੀ.ਓ. ਜਸਪ੍ਰੀਤ ਸਿੰਘ ਹਾਜ਼ਰ ਸਨ |