ਨੰਗਲ, 22 ਮਈ (ਗੁਰਪ੍ਰੀਤ ਸਿੰਘ ਗਰੇਵਾਲ)- ਇੰਡੀਅਨ ਨੈਸ਼ਨਲ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਦੇ ਉਮੀਦਵਾਰਾਂ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ | ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ, ਸਿੱਖਿਆ ਤੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ, ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਗਲੀ-ਗਲੀ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ | ਤਿੰਨੇ ਆਗੂ ਧੂੰਆਧਾਰ ਭਾਸ਼ਣ ਦੇ ਰਹੇ ਹਨ | ਹਰਜੋਤ ਸਿੰਘ ਬੈਂਸ ਨੰਗਲ ਨੂੰ ਵਿਕਾਸ ਦੀ ਨਵੀਂ ਦਿੱਖ ਦੇਣ ਦਾ ਵਾਅਦਾ ਕਰ ਰਹੇ ਹਨ | ਤਿੰਨੇ ਆਗੂਆਂ ਕੋਲ ਸਿਆਸੀ ਸ਼ਬਦਾਂ ਦਾ ਵੱਡਾ ਭੰਡਾਰ ਤਾਂ ਹੈ ਪਰ ਤਿੰਨਾਂ ਕੋਲ ਲੀਜ਼ ਦੇ ਤਿੱਖੇ ਸਵਾਲ ਦਾ ਕੋਈ ਤਰਕਸੰਗਤ ਜਵਾਬ ਨਹੀਂ ਹੈ | ਨੰਗਲ ਦੇ ਇੱਕ ਹਜ਼ਾਰ ਪਰਿਵਾਰ ਲੀਜ਼ ਦੀ ਗੰਭੀਰ ਤੇ ਨਾਸੂਰ ਸਮੱਸਿਆ ਨਾਲ ਜੂਝ ਰਹੇ ਹਨ | ਚੇਤੇ ਰਹੇ ਕਿ ਭਾਖੜਾ ਡੈਮ ਦੇ ਨਿਰਮਾਣ ਸਮੇਂ (1948-1963) ਜੰਗਲ ਕੱਟ ਕੇ ਨੰਗਲ ਵਸਾਇਆ ਗਿਆ | ਲੋਕਾਂ ਨੂੰ ਸੱਦ ਸੱਦ ਕੇ ਸਰਕਾਰੀ ਨੌਕਰੀ, ਪਲਾਟ, ਦੁਕਾਨਾਂ ਦਿੱਤੇ ਗਏ | ਪਲਾਟ ਤੇ ਦੁਕਾਨਾਂ ਬਹੁਤ ਹੀ ਸਸਤੇ ਲੀਜ਼ (ਰੈਂਟ) 'ਤੇ ਅਲਾਟ ਕੀਤੇ ਗਏ | ਸਮਾਂ ਬਦਲਿਆ, ਹਾਲਾਤ ਬਦਲੇ ਤੇ ਭਾਖੜਾ ਬਿਆਸ ਪ੍ਰਬੰਧ ਬੋਰਡ ਨੇ ਵੱਡੀ ਗਿਣਤੀ 'ਚ ਲੀਜ਼ ਧਾਰਕਾਂ ਦੀ ਲੀਜ਼ ਕੈਂਸਲ ਕਰਕੇ ਵੱਖ-ਵੱਖ ਅਦਾਲਤਾਂ 'ਚ ਕੇਸ ਪਾ ਦਿੱਤੇ | ਬੀ.ਬੀ.ਐਮ.ਬੀ. ਦਾ ਦੋਸ਼ ਹੈ ਕਿ ਦੁਕਾਨਦਾਰਾਂ ਨੇ ਲੀਜ਼ ਸਮਝੌਤੇ ਦੀ ਉਲੰਘਣਾ ਕਰਕੇ ਮੂਲ ਢਾਂਚੇ ਨਾਲ ਛੇੜਛਾੜ ਨਜਾਇਜ਼ ਉਸਾਰੀ ਕੀਤੀ ਹੈ | ਦੁਕਾਨਦਾਰਾਂ ਦਾ ਤਰਕ ਹੈ ਕਿ ਪਰਿਵਾਰਾਂ ਦੇ ਵਾਧੇ ਕਾਰਨ ਅਜਿਹਾ ਕਰਨਾ ਪਿਆ | ਲੋਕਾਂ ਦੀ ਮੰਗ ਹੈ ਕਿ ਮਾਨਵੀ ਪਹਿਲੂ ਨੂੰ ਆਧਾਰ ਬਣਾ ਕੇ ਰਾਹਤ ਦਿੱਤੀ ਜਾਵੇ | ਲੋਕ ਬਹੁਤ ਦੁਖੀ ਹਨ ਤੇ ਪੀਲੇ ਪੰਜੇ ਦਾ ਡਰ ਨਿਰੰਤਰ ਸਿਰ 'ਤੇ ਮੰਡਰਾਅ ਰਿਹਾ ਹੈ | ਤਿੰਨੇ ਵੱਡੀਆਂ ਪਾਰਟੀਆਂ ਦੇ ਕਈ ਵੱਡੇ ਆਗੂ ਮਈ 2026 ਦੇ ਸਿਆਸੀ ਦਿ੍ਸ਼ ਤੋਂ ਲਾਂਭੇ ਹੋ ਗਏ ਹਨ ਜਾਂ ਕਰ ਦਿੱਤੇ ਗਏ ਹਨ | ਇਨ੍ਹਾਂ 'ਚੋਂ ਬਹੁਤੇ ਫਰਵਰੀ 2027 'ਚ ਨਾ ਸਿਰਫ਼ ਸਿਰ ਚੁੱਕਣਗੇ ਸਗੋਂ ਨਵੇਂ ਸਿਆਸੀ ਸਮੀਕਰਨ ਵੀ ਪੈਦਾ ਕਰਨਗੇ | ਇਨ੍ਹਾਂ ਚੋਣਾਂ 'ਚ 'ਤੁਹਾਡੀ ਧੀ' 'ਤੁਹਾਡਾ ਪੁੱਤ' 'ਨੇਤਾ ਨਹੀਂ ਬੇਟਾ' 'ਸੇਵਾਦਾਰ' ਆਦਿ ਸ਼ਬਦ ਵੀ ਛਾਏ ਹੋਏ ਹਨ | ਸਿਆਸੀ ਅਖਾੜੇ 'ਚ ਪੱਤਰਕਾਰ ਵੀ ਸਰਗਰਮ ਹਨ | ਸਿਫ਼ਾਰਸ਼ੀ ਟੈਲੀਫ਼ੋਨ ਹੀ ਨਹੀਂ ਵੱਜ ਰਹੇ ਸਗੋਂ ਸਿਆਸੀ ਸੱਜਣ ਨਵੀਆਂ/ਪੁਰਾਣੀਆਂ ਰਿਸ਼ਤੇਦਾਰੀਆਂ ਦੀ ਮਦਦ ਵੀ ਲੈ ਰਹੇ ਹਨ | ਕਈ ਪਰਵਾਸੀ ਪੰਜਾਬੀ ਵੀ ਖ਼ਾਸ ਤੌਰ 'ਤੇ ਪਹੰੁਚੇ ਹਨ ਭਾਵੇਂ ਕੀ ਗਰਮੀ ਅਰਾਟ ਕਢਾਅ ਰਹੀ ਹੈ |