ਨੰਗਲ, 22 ਮਈ (ਪ੍ਰੀਤਮ ਸਿੰਘ ਬਰਾਰੀ)- ਨੰਗਲ ਨਗਰ ਕੌਂਸਲ ਚੋਣਾਂ ਦੇ ਆਲੇ-ਦੁਆਲੇ ਦਾ ਰਾਜਨੀਤਿਕ ਮਾਹੌਲ ਗਰਮ ਹੁੰਦਾ ਜਾ ਰਿਹਾ ਹੈ | ਭਾਜਪਾ ਪੰਜਾਬ ਰਾਜ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਹੈ ਜਿਸ ਵਿਚ ਕਥਿਤ ਤੌਰ 'ਤੇ ਧੋਖਾਧੜੀ ਵਾਲੀ ਵੋਟਿੰਗ, ਚੋਣ ਜ਼ਾਬਤੇ ਦੀ ਉਲੰਘਣਾ ਤੇ ਚੋਣ ਪ੍ਰਕਿਰਿਆ ਵਿਚ ਬੇਨਿਯਮੀਆਂ ਦਾ ਦੋਸ਼ ਲਗਾਇਆ ਗਿਆ ਹੈ | ਉਨ੍ਹਾਂ ਨੇ ਨਿਰਪੱਖ ਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਤੁਰੰਤ, ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਡਾ. ਸ਼ਰਮਾ ਨੇ ਕਿਹਾ ਕਿ ਨੰਗਲ ਨਗਰ ਕੌਂਸਲ ਦੇ 19 ਵਾਰਡਾਂ ਵਿਚ ਕਥਿਤ ਤੌਰ 'ਤੇ ਵੱਡੇ ਪੱਧਰ 'ਤੇ ਧੋਖਾਧੜੀ ਨਾਲ ਵੋਟਾਂ ਬਣਾਈਆਂ ਗਈਆਂ ਹਨ ਜਿਸ ਨਾਲ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਨੂੰ ਖ਼ਤਰਾ ਹੈ | ਉਨ੍ਹਾਂ ਜਾਅਲੀ ਵੋਟਾਂ ਹਟਾਉਣ ਦੀ ਮੰਗ ਕੀਤੀ ਪਰ ਹੁਣ ਤੱਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਦੋਸ਼ ਲਾਇਆ ਕਿ ਨੇੜਲੇ ਪਿੰਡਾਂ ਦੀਆਂ ਵੋਟਾਂ ਸ਼ਹਿਰ ਦੇ ਵਾਰਡਾਂ ਵਿਚ ਦਰਜ ਕੀਤੀਆਂ ਗਈਆਂ ਹਨ, ਜੋ ਕਿ ਚੋਣ ਨਿਯਮਾਂ ਦੇ ਉਲਟ ਹੈ | ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ, ਨਗਰ ਕੌਂਸਲ 'ਚ ਟੈਂਡਰ ਜਾਰੀ ਕੀਤੇ ਜਾ ਰਹੇ ਹਨ ਤੇ ਗਲੀਆਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜੋ ਕਿ ਨਿਯਮਾਂ ਦੀ ਸਿੱਧੀ ਉਲੰਘਣਾ ਹੈ | ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਉਕਤ ਸਾਰੇ ਦੋਸ਼ਾਂ ਦੀ ਨਿਰਪੱਖ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ |