ਨੰਗਲ, 22 ਮਈ (ਪ੍ਰੀਤਮ ਸਿੰਘ ਬਰਾਰੀ)- ਨਗਰ ਕੌਂਸਲ ਨੰਗਲ ਦੀਆਂ ਚੋਣਾਂ ਜਿੱਤਣ ਲਈ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਪੱਬਾਂ ਭਾਰ ਹੋਈਆਂ ਪਈਆਂ ਹਨ ਉੱਥੇ ਹੀ ਭਾਜਪਾ ਵਲੋਂ ਵੀ ਇਹਨਾਂ ਚੋਣਾਂ ਨੂੰ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸੈਮੀਫਾਈਨਲ ਵਜੋਂ ਵੇਖ ਕੇ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ | ਇਹਨਾਂ ਨਗਰ ਕੌਂਸਲ ਚੋਣਾਂ ਲਈ ਭਾਜਪਾ ਵਲੋਂ ਵੱਡੇ ਸਿਆਸੀ ਆਗੂ ਲਗਾਤਾਰ ਆਪਣੀ ਸ਼ਮੂਲੀਅਤ ਕਰਕੇ ਭਾਜਪਾ ਦੇ ਹੱਕ ਵਿਚ ਵੋਟਰਾਂ ਨੂੰ ਲਾਮਬੰਦ ਕਰਨ ਲਈ ਲੱਗੇ ਹੋਏ ਹਨ | ਦੱਸਣਯੋਗ ਹੈ ਕਿ ਪਿਛਲੇ ਦਿਨੀ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਨੰਗਲ ਪਹੁੰਚ ਕੇ ਇੱਕ ਭਰਮੀ ਵਰਕਰ ਮੀਟਿੰਗ ਕੀਤੀ ਗਈ ਜਿੱਥੇ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੀ ਆਗਾਮੀ ਚੋਣ ਲਈ ਟਿਕਟਾਂ ਦੇ ਚਾਹਵਾਨ ਵੱਖ-ਵੱਖ ਭਾਜਪਾ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ ਜਿਨ੍ਹਾਂ ਦੇ ਪਿਛਲੇ ਕਾਫ਼ੀ ਅਰਸੇ ਤੋਂ ਵੱਖੋ ਵੱਖਰੇ ਸਿਆਸੀ ਰਾਹ ਸਨ | ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਅੰਦਰ ਖ਼ਾਸ ਕਰ ਨੰਗਲ ਸ਼ਹਿਰ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਵੱਖ-ਵੱਖ ਧੜਿਆਂ 'ਚ ਵੰਡੀ ਭਾਜਪਾ ਨੂੰ ਇੱਕਜੁੱਟ ਵਿਖਾਉਣ ਦਾ ਵੀ ਯਤਨ ਕੀਤਾ ਗਿਆ | ਉਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅੰਦਰ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਵਲੋਂ ਜਿੱਥੇ ਆਪਣੇ ਸਾਥੀਆਂ ਸਮੇਤ ਪਿਛਲੇ ਲਗਭਗ ਇੱਕ ਹਫ਼ਤੇ ਤੋਂ ਲਗਾਤਾਰ ਵਰਕਰ ਮੀਟਿੰਗਾਂ ਅਤੇ ਚੋਣ ਜਲਸੇ ਕੀਤੇ ਜਾ ਰਹੇ ਹਨ ਉੱਥੇ ਹੀ ਅੱਜ ਵਿਸ਼ੇਸ਼ ਤੌਰ 'ਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਫ਼ਿਲਮੀ ਅਦਾਕਾਰ ਹੋਬੀ ਧਾਲੀਵਾਲ ਵਲੋਂ ਵੱਖ-ਵੱਖ ਵਾਰਡਾਂ ਅੰਦਰ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਕੇ ਵੋਟਰਾਂ ਨੂੰ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ | ਵੱਡੇ ਸਿਆਸੀ ਆਗੂਆਂ ਦੀ ਨਗਰ ਕੌਂਸਲ ਨੰਗਲ ਚੋਣਾਂ ਵਿਚ ਲਗਾਤਾਰ ਕੀਤੀ ਜਾ ਰਹੀ ਸ਼ਮੂਲੀਅਤ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਵੀ ਚਰਚਾ ਜ਼ੋਰ ਫੜ ਗਈ ਹੈ ਕਿ ਭਾਜਪਾ ਵਲੋਂ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਤੇ ਸ਼ਹਿਰੀ ਲੋਕਾਂ ਦੀ ਸਿਆਸੀ ਨਬਜ਼ ਪਛਾਣਨ ਦੇ ਮਕਸਦ ਨਾਲ ਸ਼ਮੂਲੀਅਤ ਕੀਤੀ ਜਾ ਰਹੀ ਹੈ |