ਕਾਠਗੜ੍ਹ, 28 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਪਹਿਲੀ ਮਈ ਨੂੰ ਵਿਧਾਨ ਸਭਾ ਵਿਚ ਸਾਰੇ ਮਜ਼ਦੂਰਾਂ ਦੇ ਰੇਟਾਂ ਵਿਚ ਤੇ ਉਜਰਤਾਂ ਵਿਚ 15 ਫੀਸਦੀ ਦਾ ਵਾਧਾ ਕੀਤਾ ਗਿਆ ਸੀ, ਪਰ ਸਰਕਾਰ ਨੇ ਪੰਜਾਬ ਦੇ ਲੱਖਾਂ ਭੱਠਾ ਮਜ਼ਦੂਰਾਂ ਦੇ ਇਸ ਵਾਅਦੇ ਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਵਲੋਂ ਰੋਕ ਲਿਆ ਗਿਆ ਸੀ, ਜਿਸ ਵਿਰੁੱਧ ਭੱਠਾ ਮਜ਼ਦੂਰਾਂ ਨੇ ਸਮੁੱਚੇ ਪੰਜਾਬ ਵਿਚ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਦੀ ਅਗਵਾਈ ਵਿਚ ਸੰਘਰਸ਼ ਲੜਿਆ ਅਤੇ ਕੱਲ੍ਹ ਨੋਟੀਫਕੇਸ਼ਨ ਕਰਵਾ ਲਿਆ | ਇਹ ਜਾਣਕਾਰੀ ਸਾਥੀ ਤਰਸੇਮ ਯੋਧਾ ਸਾਬਕਾ ਵਿਧਾਇਕ ਤੇ ਕਰਨ ਸਿੰਘ ਰਾਣਾ ਸੂਬਾਈ ਆਗੂ ਨੇ ਇਥੇ ਗੱਲਬਾਤ ਕਰਦੇ ਹੋਏ ਦਿੱਤੀ | ਆਗੂਆਂ ਨੇ ਜਾਣਕਾਰੀ ਦਿੱਤੀ ਕਿ ਜਥੇਬੰਦੀ ਵਲੋਂ ਲੜੇ ਜਾ ਰਹੇ ਸੰਘਰਸ਼ਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੇ ਆਗੂਆਂ ਨਾਲ 20 ਮਈ ਨੂੰ ਚੰਡੀਗੜ੍ਹ ਵਿਖੇ ਲੇਬਰ ਭਵਨ ਵਿੱਚ ਮੀਟਿੰਗ ਕੀਤੀ ਸੀ | ਮੀਟਿੰਗ ਵਿਚ ਪੰਜਾਬ ਸਰਕਾਰ ਦੇ ਲੇਬਰ ਸਕੱਤਰ ਨੇ ਇਹ ਵਾਇਦਾ ਕੀਤਾ ਸੀ ਕਿ ਇਕ ਹਫਤੇ ਦੇ ਵਿਚ-ਵਿਚ ਭੱਠਾ ਮਜ਼ਦੂਰਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ | ਆਗੂਆਂ ਨੇ ਪੰਜਾਬ ਦੇ ਸਮੂਹ ਸੰਘਰਸ਼ਸ਼ੀਲ ਭੱਠਾ ਮਜ਼ਦੂਰਾਂ ਨੂੰ ਇਸ ਜਿੱਤ ਲਈ ਵਧਾਈ ਦਿੱਤੀ ਤੇ ਸੱਦਾ ਦਿੱਤਾ ਕਿ ਆਪਣੀ ਏਕਤਾ ਨੂੰ ਹੋਰ ਮਜਬੂਤ ਕਰਕੇ ਆਪਣੀਆਂ ਰਹਿੰਦੀਆਂ ਮੰਗਾਂ ਲਈ ਜੋਰਦਾਰ ਸੰਘਰਸ਼ਾਂ ਦੀ ਲਾਮਬੰਦੀ ਕੀਤੀ ਜਾਵੇ | ਇਸ ਮੌਕੇ ਪ੍ਰਕਾਸ਼ ਸਿੰਘ ਹਿਸੋਵਾਲ, ਚਰਨਜੀਤ ਸਿੰਘ, ਕੇਵਲ ਹਜਾਰਾ, ਰਣਜੀਤ ਸਿੰਘ ਆਦਿ ਅਨੇਕਾਂ ਆਗੂ ਹਾਜ਼ਰ ਸਨ |