ਸ਼੍ਰੀ ਅਨੰਦਪੁਰ ਸਾਹਿਬ, 25 ਜੂਨ (ਜੇ ਐਸ ਨਿੱਕੂਵਾਲ)-ਜਲ ਸਪਲਾਈ ਠੇਕਾ ਮੁਲਾਜ਼ਮ ਯੂਨੀਅਨ ਸ਼੍ਰੀ ਅਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਪ੍ਰਧਾਨ ਮੱਖਣ ਕਾਲਸ ਅਤੇ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਬੜਵਾ ਦੀ ਅਗਵਾਈ ਹੇਠ ਹੋਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕਪਿਲ ਮਹਿੰਦਲੀ ਅਤੇ ਬਰਾਂਚ ਪ੍ਰਧਾਨ ਮੱਖਣ ਕਾਲਸ ਨੇ ਦੱਸਿਆ ਕਿ ਪਿਛਲੇ ਲਗਭਗ ਪੋਣੇ ਪੰਜ ਸਾਲ ਤੋਂ ਯੂਨੀਅਨ ਸਿਰਫ਼ ਆਪਣੀ ਇੱਕੋ ਇੱਕ ਪੱਕੇ ਰੋਜ਼ਗਾਰ ਦੀ ਲੜਾਈ ਲੜ ਰਹੀ ਹੈ। ਜਿਸ ਲਈ ਵੱਡੇ ਤੋਂ ਵੱਡੇ ਸੰਘਰਸ਼ ਕੀਤੇ ਗਏ।ਪਰੰਤੂ ਬਾਹਰੀ ਸ੍ਰੋਤ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।ਉਨ੍ਹਾਂ ਕਿਹਾ ਕਿ ਬੇਸ਼ੱਕ ਸੂਬਾ ਸਰਕਾਰ ਕਹਿ ਰਹੀ ਹੈ ਕਿ ਆਉਂਦੇ ਕੁੱਝ ਦਿਨਾਂ ਵਿਚ ਬਿਲ ਲਾਗੂ ਕਰ ਦਿੱਤਾ ਜਾਵੇਗਾ ਪਰੰਤੂ ਹਾਲੇ ਤੱਕ ਬਿਲ ਦਾ ਅਧਿਕਾਰਤ ਖਰੜਾ ਜਾਰੀ ਨਾਂ ਕਰਨਾਂ ਬਾਹਰੀ ਸ੍ਰੋਤ ਮੁਲਾਜ਼ਮਾਂ ਦੇ ਮਨਾ ਅੰਦਰ ਸੂਬਾ ਸਰਕਾਰ ਪ੍ਰਤੀ ਬੇਭਰੋਸਗੀ ਪੈਦਾ ਕਰਦਾ ਹੈ।ਉਨ੍ਹਾਂ ਕਿਹਾ ਕਿ ਯੂਨੀਅਨ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਜਦੋਂ ਵੀ ਮਾਨਸੂਨ ਸੈਸ਼ਨ ਆਵੇਗਾ ਉਸ ਤੋਂ ਦੋ ਦਿਨ ਪਹਿਲਾਂ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਵਿਧਾਨ ਸਭਾ ਹਲਕਾ ਸਾਹਨੇਵਾਲ ਪਰਿਵਾਰਾਂ ਸਮੇਤ ਮੋਰਚਾ ਲਗਾ ਦਿੱਤਾ ਜਾਵੇਗਾ।ਜਿਸ ਦੀ ਰੂਪਰੇਖਾ ਉਲੀਕੀ ਜਾ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਭਰਤੀ ਮੁਲਾਜ਼ਮਾਂ ਨੂੰ ਬਿਲ ਵਿਚ ਸ਼ਾਮਲ ਕੀਤਾ ਜਾਵੇ। ਮਾਨਸੂਨ ਸੈਸ਼ਨ ਤੋਂ ਪਹਿਲਾਂ ਪਹਿਲਾਂ 1575 ਜਲ ਸਪਲਾਈ ਦੇ ਕਾਮਿਆਂ ਸਮੇਤ 26400 ਬਾਹਰੀ ਸ੍ਰੋਤ ਮੁਲਾਜ਼ਮਾਂ ਦਾ ਆਰਡੀਨੈਂਸ ਲਾਗੂ ਕੀਤਾ ਜਾਵੇ। ਮਾਨਸੂਨ ਸੈਸ਼ਨ ਵਿਚ 35648 ਮੁਲਾਜ਼ਮਾਂ ਸਬੰਧੀ ਬਣਾਏ ਗਏ ਬਿਲ ਵਿਚ ਭਰਤੀ ਮੁਲਾਜ਼ਮਾਂ ਨੂੰ ਸ਼ਾਮਲ ਕਰਕੇ ਸਮੂਹ ਬਾਹਰੀ ਸ੍ਰੋਤ ਭਰਤੀ ਮੁਲਾਜ਼ਮਾਂ ਨੂੰ ਵਿਭਾਗ ਵਿਚ ਲਿਆਉਣ ਦਾ ਬਿਲ ਪਾਸ ਕਰਕੇ ਆਰਡੀਨੈਂਸ ਲਾਗੂ ਕਰਵਾਇਆ ਜਾਵੇ। ਇਸ ਮੌਕੇ ਗੁਰਮੁਖ ਸਿੰਘ, ਗੋਲਡੀ, ਜੱਸੀ, ਹਰੀ ਕਿਸ਼ਨ, ਅਰਜਨ ਸਿੰਘ, ਵਿਜੈ, ਨਵੀਨ, ਕਾਕਾ , ਜਸਪਾਲ, ਸ਼ਰਨਜੀਤ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ।