ਨੂਰਪੁਰ ਬੇਦੀ, 6 ਜੁਲਾਈ (ਵਿੰਦਰਪਾਲ ਝਾਂਡੀਆਂ)-ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਰੂਪਨਗਰ–ਨੂਰਪੁਰ ਬੇਦੀ ਮੁੱਖ ਸੜਕ ਤੋਂ ਖੱਡ ਬਠਲੌਰ ਨੂੰ ਜਾਂਦੀ ਲਿੰਕ ਸੜਕ ਦੇ ਨਵੀਨੀਕਰਨ ਅਤੇ ਸੜਕ ’ਤੇ ਸਥਿਤ ਪੁਲੀਆਂ ਦੀ ਨਵੀਂ ਉਸਾਰੀ ਦੇ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਹਲਕੇ ਵਿਚ ਵਿਕਾਸ ਕਾਰਜ ਲਗਾਤਾਰ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ ਤੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇ ਆਧਾਰ ’ਤੇ ਯਕੀਨੀ ਬਣਾਇਆ ਜਾ ਰਿਹਾ ਹੈ। ਵਿਧਾਇਕ ਦਿਨੇਸ਼ ਚੱਢਾ ਨੇ ਕਿਹਾ ਕਿ ਇਸ ਸੜਕ ’ਤੇ ਪਹਿਲਾਂ ਪੁਲੀਆਂ ਦੀ ਥਾਂ ਰੈਂਪ ਬਣੇ ਹੋਏ ਸਨ, ਜਿਸ ਕਾਰਨ ਬਰਸਾਤ ਦੇ ਦਿਨਾਂ ਵਿਚ ਪਾਣੀ ਰੈਂਪਾਂ ਦੇ ਉੱਪਰੋਂ ਲੰਘ ਜਾਂਦਾ ਸੀ। ਇਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਸੀ ਤੇ ਕਈ ਵਾਰ ਲੋਕਾਂ ਨੂੰ ਘੰਟਿਆਂ ਤੱਕ ਰਸਤਾ ਖੁੱਲ੍ਹਣ ਦੀ ਉਡੀਕ ਕਰਨੀ ਪੈਂਦੀ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਹੁਣ ਰੈਂਪਾਂ ਦੀ ਥਾਂ ਪੱਕੀਆਂ ਅਤੇ ਉੱਚੀਆਂ ਪੁਲੀਆਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਤਾਂ ਜੋ ਬਰਸਾਤੀ ਪਾਣੀ ਦੀ ਨਿਕਾਸੀ ਸੁਚਾਰੂ ਢੰਗ ਨਾਲ ਹੋ ਸਕੇ ਅਤੇ ਆਵਾਜਾਈ ਕਿਸੇ ਵੀ ਹਾਲਤ ਵਿਚ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਕਿਹਾ ਕਿ ਹਲਕੇ ਦੇ ਹਰ ਪਿੰਡ ਵਿਚ ਲੋੜ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਨਾਲ ਕੀਤਾ ਹਰ ਵਾਅਦਾ ਸਮੇਂ ਸਿਰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਦੇਸ ਰਾਜ ਸੈਣੀ, ਸੰਮਤੀ ਮੈਂਬਰ ਸਤਨਾਮ ਸਿੰਘ ਨਾਗਰਾ, ਚੇਅਰਮੈਨ ਅੱਛਰ ਸਿੰਘ ਪੰਮੂ ਹਰੀਪੁਰ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਬਲਾਕ ਪ੍ਰਧਾਨ ਮਾਸਟਰ ਬਿਹਾਰੀ ਲਾਲ, ਰਾਕੇਸ਼ ਚੌਧਰੀ ਝਾਂਡੀਆਂ, ਪਿੰਡ ਦੀ ਸਮੁੱਚੀ ਪੰਚਾਇਤ ਤੇ ਪਿੰਡ ਵਾਸੀ ਹਾਜ਼ਰ ਸਨ।