ਕਾਹਨਪੁਰ ਖੂਹੀ, 9 ਜੁਲਾਈ (ਗੁਰਬੀਰ ਸਿੰਘ ਵਾਲੀਆ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਕਾਹਨਪੁਰ ਖੂਹੀ ਤੋਂ ਬਾਥੜੀ (ਹਿਮਾਚਲ ਪ੍ਰਦੇਸ਼ ਬਾਰਡਰ) ਤੱਕ ਬਣ ਰਹੀ ਸੜਕ ਨੂੰ ਨੁਕਸਾਨ ਤੋਂ ਬਚਾਉਣ ਅਤੇ ਨਿਰਮਾਣ ਕਾਰਜ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੇ ਗਏ ਨਿਰਦੇਸ਼ਾਂ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਵਲੋਂ ਜਾਰੀ ਨਵੇਂ ਹੁਕਮਾਂ ਅਨੁਸਾਰ ਇਸ ਸੜਕ ’ਤੇ ਅਗਲੇ 45 ਦਿਨਾਂ ਵਾਸਤੇ 24 ਘੰਟੇ ਸਾਰੇ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਭਾਰੀ ਵਾਹਨਾਂ ਨੂੰ ਨੰਗਲ–ਸ਼੍ਰੀ ਅਨੰਦਪੁਰ ਸਾਹਿਬ–ਰੋਪੜ ਰੂਟ ਰਾਹੀਂ ਡਾਇਵਰਟ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸੜਕ ’ਤੇ ਇਸ ਸਮੇਂ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਬੀਤੇ ਦਿਨੀਂ ਨਵੀਂ ਬਣੀ ਸੜਕ ’ਤੇ ਕੁੱਝ ਟਿੱਪਰ ਚੜ੍ਹ ਜਾਣ ਕਾਰਨ ਸੜਕ ਦੇ ਕੁੱਝ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ ਸੀ। ਇਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਇਹ ਮਾਮਲਾ ਵਿਧਾਇਕ ਦਿਨੇਸ਼ ਚੱਢਾ ਦੇ ਧਿਆਨ ਵਿੱਚ ਲਿਆਂਦਾ ਅਤੇ ਮੰਗ ਕੀਤੀ ਕਿ ਸੜਕ ਦੇ ਨਿਰਮਾਣ ਦੌਰਾਨ ਭਾਰੀ ਵਾਹਨਾਂ ਦੀ ਆਵਾਜਾਈ ਰੋਕੀ ਜਾਵੇ ਤਾਂ ਜੋ ਸੜਕ ਦੀ ਗੁਣਵੱਤਾ ਅਤੇ ਮਜ਼ਬੂਤੀ ਬਰਕਰਾਰ ਰਹੇ। ਲੋਕਾਂ ਦੀ ਮੰਗ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਧਾਇਕ ਦਿਨੇਸ਼ ਚੱਢਾ ਨੇ ਤੁਰੰਤ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਲੋਕ ਨਿਰਮਾਣ ਵਿਭਾਗ ਸਮੇਤ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ। ਇਸ ਤੋਂ ਬਾਅਦ ਕਾਰਜਕਾਰੀ ਇੰਜੀਨੀਅਰ, ਲੋਕ ਨਿਰਮਾਣ ਵਿਭਾਗ ਵਲੋਂ ਭੇਜੀ ਗਈ ਸਿਫ਼ਾਰਸ਼ ਦੇ ਆਧਾਰ ’ਤੇ ਜ਼ਿਲ੍ਹਾ ਮੈਜਿਸਟਰੇਟ ਨੇ ਪਹਿਲਾਂ ਜਾਰੀ ਹੁਕਮਾਂ ਵਿਚ ਅੰਸ਼ਕ ਸੋਧ ਕਰਦਿਆਂ ਨਵੇਂ ਆਦੇਸ਼ ਜਾਰੀ ਕਰ ਦਿੱਤੇ ਹਨ। ਪਹਿਲਾਂ ਸਿਰਫ਼ ਸਰਕਾਰ ਵਲੋਂ ਮਨਜ਼ੂਰਸ਼ੁਦਾ ਮਾਈਨਿੰਗ ਖੱਡਾਂ ਤੋਂ ਸਮੱਗਰੀ ਲਿਆਉਣ ਵਾਲੇ ਵਾਹਨਾਂ ਨੂੰ ਛੋਟ ਦਿੱਤੀ ਗਈ ਸੀ, ਪਰ ਹੁਣ ਨਵੇਂ ਹੁਕਮਾਂ ਅਨੁਸਾਰ ਅਗਲੇ 45 ਦਿਨਾਂ ਤੱਕ 24 ਘੰਟੇ ਕਿਸੇ ਵੀ ਭਾਰੀ ਵਾਹਨ ਨੂੰ ਇਸ ਸੜਕ ’ਤੇ ਚੱਲਣ ਦੀ ਆਗਿਆ ਨਹੀਂ ਹੋਵੇਗੀ। ਇਹ ਫੈਸਲਾ ਸੜਕ ਦੇ ਨਿਰਮਾਣ ਕਾਰਜ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਉਸ ਦੀ ਲੰਬੀ ਉਮਰ ਯਕੀਨੀ ਬਣਾਉਣ ਲਈ ਲਿਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਪੱਤਰ ਰਾਹੀਂ ਕਿਹਾ ਹੈ ਕਿ ਆਮ ਲੋਕਾਂ ਦੀ ਸੁਰੱਖਿਆ ਅਤੇ ਲੋਕ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ। ਜਿਸ ਸਬੰਧੀ ਇਸ ਸੜਕ ਤੇ ਪ੍ਰਸ਼ਾਸਨ ਵਲੋਂ ਫਲੈਕਸ ਲਗਾ ਕੇ ਚੇਤਾਵਨੀ ਵੀ ਦਿੱਤੀ ਗਈ ਹੈ।