ਬੇਲਾ 27 “ਜੁਲਾਈ (ਮਨਜੀਤ ਸਿੰਘ ਸੈਣੀ)- ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਕਾਰਗਿਲ ਯੁੱਧ ਦੀ ਜਿੱਤ ਤੇ ਸ਼ਹੀਦਾਂ ਦੇ ਬਲੀਦਾਨ ਨੂੰ ਸਿਜਦਾ ਕਰਨ ਲਈ ਆਪਣੀ ਐਨ. ਸੀ. ਸੀ. (ਨੇਵੀ ਵਿੰਗ) ਦੀ ਯੂਨਿਟ ਨਾਲ ਕਾਰਗਿਲ ਵਿਜੇ ਦਿਵਸ ਮਨਾਇਆ। ਇਸ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਕਾਰਗਿਲ ਦੇ ਸ਼ਹੀਦਾਂ ਦਾ ਬਲੀਦਾਨ, ਹਿੰਮਤ ਅਤੇ ਦਲੇਰੀ ਲਈ ਦੇਸ਼ ਫੌਜ ਦਾ ਸਦਾ ਹੀ ਰਿਣੀ ਰਹੇਗਾ। ਇਸ ਮੌਕੇ ਐੱਨ. ਸੀ. ਸੀ. ਯੂਨਿਟ ਦੀ ਕੈਡਿਟ ਵੈਸ਼ਾਲੀ ਨੇ ਕਾਰਗਿਲ ਯੁੱਧ ਦੇ ਇਤਿਹਾਸ ਅਤੇ ਸੈਨਿਕਾਂ ਦੀ ਬਹਾਦਰੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮਾਰੋਹ ਦੌਰਾਨ ਐੱਨ. ਸੀ. ਸੀ. (ਨੇਵੀ ਵਿੰਗ) ਦੇ ਕੇਅਰ ਟੇਕਰ ਸਹਾਇਕ ਪੋ੍ਰਫੈਸਰ ਅਮਰਜੀਤ ਸਿੰਘ ਨੇ ਕੈਡਿਟਾਂ ਨਾਲ ਅਨੁਸ਼ਾਸਨ, ਦ੍ਰਿੜਤਾ ਅਤੇ ਦੇਸ਼ ਪੇ੍ਰਮ ਦੀ ਮਹੱਤਤਾ ’ਤੇ ਵਿਚਾਰ ਪ੍ਰਗਟ ਕੀਤੇ। ਕੈਡਿਟਾਂ ਨੇ ਦੇਸ਼ ਦੀ ਰੱਖਿਆ ਲਈ ਤਿਆਰ ਬਰ-ਤਿਆਰ ਰਹਿਣ ਦਾ ਪ੍ਰਣ ਕੀਤਾ। ਅਖ਼ੀਰ ਵਿਚ ਨਵੇਂ ਅਕਾਦਮਿਕ ਵਰ੍ਹੇ ’ਚ ਦਾਖਲ ਹੋਏ ਵਿਦਿਆਰਥੀਆਂ ਨਾਲ ਐਨ.ਸੀ.ਸੀ. ਅਤੇ ਐਨ.ਐਸ.ਐਸ. ਦੀਆਂ ਯੁੂਨਿਟਾਂ, ਦੇਸ਼ ਸੇਵਾ ਵਿਚ ਇਹਨਾਂ ਦੇ ਯੋਗਦਾਨ ਬਾਰੇ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਬੇਲਾ ਕਾਲਜ ਦੇ ਐਨ.ਸੀ.ਸੀ. ਦੇ ਕੈਡਿਟ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਸਥਾ ਦਾ ਨਾਮ ਰੋਸ਼ਨ ਕਰ ਰਹੇ ਹਨ। ਇਸ ਮੌਕੇ ਡਾ. ਮਮਤਾ ਅਰੋੜਾ, ਲੈਫਟੀਨੈਂਟ ਪ੍ਰਿਤਪਾਲ ਸਿੰਘ, ਪੋ੍ਰ. ਸੁਨੀਤਾ ਰਾਣੀ ਅਤੇ ਡਾ. ਸੰਦੀਪ ਕੌਰ ਮੌਜੂਦ ਸਨ।