ਮਜੀਠਾ, 5 ਜੁਲਾਈ (ਜਗਤਾਰ ਸਿੰਘ ਸਹਿਮੀ)- ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਮਰਜ਼ ਕਰਕੇ ਪੱਕੀਆਂ ਕਰਨ ਦੀ ਮੰਗ ਨੂੰ ਲੈ ਕੇ ਨਰੇਗਾ ਮੁਲਾਜ਼ਮ ਸ਼ੰਘਰਸ਼ ਕਰ ਰਹੇ ਹਨ ਜੋ ਪਿਛਲੇ 33 ਦਿਨਾ ਤੋਂ ਹੜਤਾਲ ’ਤੇ ਹਨ । ਆਗੂਆਂ ਦੱਸਿਆ ਕਿ ਉਕਤ ਸੰਬੰਧੀ ਸੂਬਾ ਕਮੇਟੀ ਤੇ ਸਰਕਾਰ ਦਰਮਿਆਨ 7 ਜੁਲਾਈ ਨੂੰ ਅਹਿਮ ਮੀਟਿੰਗ ਹੋਵੇਗੀ । ਇਸ ਸੰਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੱਤਰ ਜਾਰੀ ਕਰਕੇ ਵਿਕਾਸ ਭਵਨ ਵਿਖੇ ਉੱਚ ਪੱਧਰੀ ਮੀਟਿੰਗ ਬੁਲਾਈ ਹੈ, ਜਿਸ ਵਿਚ ਵਿਭਾਗ ਦੇ ਡਾਇਰੈਕਟਰ ਅਤੇ ਵਿੱਤ ਸਕੱਤਰ ਸਮੇਤ ਉੱਚ ਅਧਿਕਾਰੀ ਸ਼ਾਮਿਲ ਹੋਣਗੇ । ਆਗੂਆਂ ਨੇ ਦੱਸਿਆ ਕਿ 2 ਜੁਲਾਈ ਨੂੰ ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਵਿਖੇ ਵਿੱਤ ਮੰਤਰੀ ਦੇ ਦਫ਼ਤਰ ਵਿਚ ਪੈਨਲ ਮੀਟਿੰਗ ਹੋਈ ਸੀ, ਜਿਸ ਵਿਚ ਦੋਵਾਂ ਮੰਤਰੀਆਂ ਨੇ ਮੁਲਾਜ਼ਮਾਂ ਦੀਆਂ ਦਲੀਲਾਂ ਨਾਲ ਸਹਿਮਤੀ ਜਤਾਉਂਦਿਆਂ ਵਿਭਾਗ ਨੂੰ ਮਰਜ਼ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਹਦਾਇਤ ਕੀਤੀ ਸੀ । ਉਨ੍ਹਾਂ ਕਿਹਾ ਕਿ 7 ਜੁਲਾਈ ਨੂੰ ਪੰਚਾਇਤ ਮੰਤਰੀ ਦੀ ਖੰਨਾ ਰਿਹਾਇਸ਼ ਅੱਗੇ ਰੱਖੀ ਜਾਣ ਵਾਲੀ ਵਿਸ਼ਾਲ ਰੋਸ ਰੈਲੀ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ । ਉਨ੍ਹਾਂ ਕਿਹਾ ਕਿ 2011 ਤੋਂ ਲਗਾਤਾਰ ਮੀਟਿੰਗਾਂ ਵਿਚ ਮੰਗਾਂ ਮੰਨਣ ਦੇ ਬਾਵਜੂਦ ਅੱਜ ਤੱਕ ਨਰੇਗਾ ਮੁਲਾਜ਼ਮ ਕੱਚੀ ਨੌਕਰੀ ਕਰ ਰਹੇ ਹਨ । ਵਿਭਾਗ ਨੇ ਪਿਛਲੇ 8 ਮਹੀਨਿਆਂ ਤੋਂ ਤਨਖ਼ਾਹਾਂ ਵੀ ਨਹੀਂ ਦਿੱਤੀਆਂ ਅਤੇ ਹੁਣ 1 ਜੁਲਾਈ ਤੋਂ ਵੀਬੀਜੀਰਾਮਜੀ ਲਾਗੂ ਕਰਕੇ ਕੰਮ ਸ਼ੁਰੂ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਵੀਬੀਜੀਰਾਮਜੀ ਦਾ ਬਾਈਕਾਟ ਕੀਤਾ ਹੋਇਆ ਹੈ ਅਤੇ ਤਨਖ਼ਾਹ ਨਾ ਮਿਲਣ ਕਾਰਨ ਮੁਲਾਜ਼ਮ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ । ਯੂਨੀਅਨ ਆਗੂਆਂ ਨੇ ਕਿਹਾ ਕਿ 7 ਜੁਲਾਈ ਨੂੰ ਬੁਲਾਈ ਗਈ ਮੀਟਿੰਗ ਵਿਚ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ । ਇਸ ਮੌਕੇ ਹਰਪ੍ਰਤਾਪ ਸਿੰਘ ਜੇ. ਈ ਨਰੇਗਾ, ਸੰਦੀਪ ਕੌਰ, ਰਣਜੀਤ ਸਿੰਘ, ਹਰਵਿੰਦਰ ਸਿੰਘ, ਜੋਬਨਜੀਤ ਸਿੰਘ, ਗੁਰਚੈਨ ਸਿੰਘ, ਕ੍ਰਿਪਾਲ ਸਿੰਘ, ਜਸਦੀਪ ਸਿੰਘ, ਮਲਕੀਤ ਸਿੰਘ, ਗੁਰਵਿੰਦਰ ਸਿੰਘ, ਨਿਰਵੈਰ ਸਿੰਘ, ਗੁਰਦੇਵ ਸਿੰਘ, ਰਾਜੇਸ਼ ਕੁਮਾਰ, ਅਜੈ ਕੁਮਾਰ, ਮਲਕੀਤ ਸਿੰਘ, ਗੁਰਮੁਖ ਸਿੰਘ, ਓਂਕਾਰ ਸਿੰਘ, ਜਸਬੀਰ ਸਿੰਘ, ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।
ਨਰੇਗਾ ਮੁਲਾਜ਼ਮ ਪੰਚਾਇਤ ਵਿਭਾਗ ’ਚ ਮਰਜ਼ ਦੀ ਮੰਗ ਨੂੰ ਲੈ ਕੇ 33 ਦਿਨਾਂ ਤੋਂ ਹੜਤਾਲ ’ਤੇ
ਅਜੀਤ ਡੈਸਕ
06-07-2026