ਪਟਿਆਲਾ, 26 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਐਸ.ਡੀ.ਕੇ.ਐਸ. ਭਵਨ ਵਿਚ 350 ਤੋਂ ਵੱਧ ਵਿਅਕਤੀਆਂ ਨੇ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਸਕੂਲੀ ਵਿਦਿਆਰਥੀ ਸ਼ਾਮਲ ਸਨ, ਇਕੱਠੇ ਹੋ ਕੇ ਭਗਵਦ ਗੀਤਾ ਦੇ 15ਵੇਂ ਅਧਿਆਇ ਦਾ ਪਾਠ ਕੀਤਾ | ਇਹ ਪ੍ਰੋਗਰਾਮ ਵਿਸ਼ਵ ਪੱਧਰੀ ਅਧਿਆਤਮਿਕ ਸੰਸਥਾ ਚਿਨਮਯਾ ਮਿਸ਼ਨ ਦੇ 75 ਸਾਲ ਪੂਰੇ ਹੋਣ ਦੇ ਸੰਬੰਧ ਵਿਚ ਕਰਵਾਇਆ ਗਿਆ | ਇਹ ਸਮਾਗਮ ਚਿਨਮਯਾ ਮਿਸ਼ਨ ਪਟਿਆਲਾ ਵਲੋਂ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਇਸ ਦੇ ਆਚਾਰੀਆ ਸਵਾਮੀ ਮਾਧਵਾਨੰਦ ਨੇ ਕੀਤੀ | ਇਸ ਮੌਕੇ ਪਟਿਆਲਾ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ | ਭਗਵਦ ਗੀਤਾ ਦੇ ਸਮੂਹਿਕ ਪਾਠ ਦੌਰਾਨ ਦਰਸ਼ਕਾਂ ਦੀ ਸੁੰਦਰ ਤਾਲਮੇਲ ਅਤੇ ਭਜਨਾਂ ਨੇ ਪੂਰੇ ਮਾਹੌਲ ਨੂੰ ਪ੍ਰੇਰਣਾਦਾਇਕ ਅਤੇ ਅਧਿਆਤਮਿਕ ਬਣਾਇਆ | ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਜੀ.ਡੀ.ਐਨ.ਐਸ. ਰੋਡ ਪਟਿਆਲਾ ਦੇ ਵਿਦਿਆਰਥੀਆਂ ਦੀ ਵੱਡੀ ਟੀਮ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਈ | ਜਿਨ੍ਹਾਂ ਨੂੰ ਪ੍ਰਸਤੁਤੀ ਲਈ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਡੀ.ਏ.ਵੀ., ਆਰੀਆ ਕੰਨਿਆ ਵਿਦਿਆਲਾ ਅਤੇ ਐਸ.ਡੀ.ਐਸ.ਈ. ਸਕੂਲ ਦੇ ਵਿਦਿਆਰਥੀ ਵੀ ਮੌਜੂਦ ਸਨ | ਡਾ. ਧਰਮਵੀਰ ਗਾਂਧੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਗਵਦ ਗੀਤਾ ਦੇ ਜੀਵਨ ਪ੍ਰਬੰਧਨ ਸਿਧਾਂਤਾਂ ਨੂੰ ਅਪਣਾ ਕੇ ਇਕ ਵਧੀਆ ਪਟਿਆਲਾ, ਵਧੀਆ ਪੰਜਾਬ, ਵਧੀਆ ਭਾਰਤ ਅਤੇ ਵਧੀਆ ਦੁਨੀਆ ਬਣਾਈ ਜਾ ਸਕਦੀ ਹੈ | ਚਿਨਮਯਾ ਮਿਸ਼ਨ ਪਟਿਆਲਾ ਦੇ ਸਰਪ੍ਰਸਤ ਡਾ. ਰਾਜਨ ਗੁਪਤਾ ਨੇ ਦੱਸਿਆ ਕਿ ਚਿਨਮਯਾ ਮਿਸ਼ਨ ਦੀ ਸਥਾਪਨਾ 75 ਸਾਲ ਪਹਿਲਾਂ ਮਹਾਨ ਸੰਤ ਸਵਾਮੀ ਚਿਨਮਯਾਨੰਦ ਵਲੋਂ ਕੀਤੀ ਗਈ ਸੀ | ਅੱਜ ਇਸ ਦੇ ਭਾਰਤ ਅਤੇ ਵਿਦੇਸ਼ਾਂ ਵਿਚ 370 ਤੋਂ ਵੱਧ ਕੇਂਦਰ ਹਨ |