ਘਨੌਰ, 26 ਅਪ੍ਰੈਲ (ਸਰਦਾਰਾ ਸਿੰਘ ਲਾਛੜੂ)-ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਪ੍ਰੈੱਸ ਕਲੱਬ ਘਨੌਰ ਵਲੋਂ ਸਿੰਗਲਾ ਬਿ੍ਕਸ ਉਲਾਣਾ ਵਿਖੇ ਇਕ ਪ੍ਰੇਰਣਾਦਾਇਕ ਸੇਵਾ ਕਾਰਜ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸਰਦਾਰਾ ਸਿੰਘ ਲਾਛੜੂ ਦੀ ਅਗਵਾਈ ਹੇਠ ਭੱਠੇ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਬੱਚਿਆਂ ਅਤੇ ਮਹਿਲਾਵਾਂ ਨੂੰ ਬੂਟ, ਚੱਪਲਾਂ, ਫਲਾਂ ਸਮੇਤ ਹੋਰ ਜ਼ਰੂਰੀ ਸਾਮਾਨ ਵੰਡਿਆ ਗਿਆ | ਇਸ ਮੌਕੇ ਥਾਣਾ ਘਨੌਰ ਦੇ ਐੱਸ.ਐੱਚ.ਓ. ਸਬ ਇੰਸਪੈਕਟਰ ਗੁਰਮੁਖ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਕਲੱਬ ਦੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਨਾ ਸਿਰਫ ਲੋੜਵੰਦਾਂ ਦੀ ਮਦਦ ਕਰਦੇ ਹਨ, ਸਗੋਂ ਹੋਰ ਸੰਸਥਾਵਾਂ ਲਈ ਵੀ ਪ੍ਰੇਰਣਾ ਬਣਦੇ ਹਨ | ਇਸ ਮੌਕੇ ਬੱਚਿਆਂ ਵਿਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ, ਜਦੋਂ ਉਨ੍ਹਾਂ ਨੂੰ ਬੂਟ, ਚੱਪਲਾਂ ਅਤੇ ਖਾਣ-ਪੀਣ ਦਾ ਸਾਮਾਨ ਦਿੱਤਾ ਗਿਆ | ਪ੍ਰੈੱਸ ਕਲੱਬ ਵਲੋਂ ਭੱਠਾ ਮਜ਼ਦੂਰਾਂ ਨੂੰ ਸਮੋਸੇ ਵੀ ਵੰਡੇ ਗਏ | ਪ੍ਰਧਾਨ ਸਰਦਾਰਾ ਸਿੰਘ ਲਾਛੜੂ ਨੇ ਕਿਹਾ ਕਿ ਪੱਤਰਕਾਰ ਭਾਈਚਾਰਾ ਜਿੱਥੇ ਸਮਾਜ ਦੀਆਂ ਮੁਸ਼ਕਲਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਂਦਾ ਹੈ, ਉੱਥੇ ਹੀ ਲੋੜਵੰਦਾਂ ਦੀ ਸਿੱਧੀ ਮਦਦ ਕਰਨਾ ਵੀ ਸਾਡਾ ਇਖ਼ਲਾਕੀ ਫ਼ਰਜ਼ ਹੈ | ਇਸ ਮੌਕੇ ਉਨ੍ਹਾਂ ਨਾਲ ਸਾਬਕਾ ਪ੍ਰਧਾਨ ਭਾਗ ਸਿੰਘ ਅੰਟਾਲ, ਭੱਠਾ ਮਾਲਕ ਸਾਗਰ ਸਿੰਗਲਾ, ਓਮਕਾਰ ਸ਼ਰਮਾ, ਅਭਿਸ਼ੇਕ ਸੂਦ, ਐਡਵੋਕੇਟ ਹੇਮੰਤ ਸਿੰਗਲਾ ਅਤੇ ਕਰਮਵੀਰ ਸਿੰਘ ਮਰਦਾਂਪੁਰ ਸਮੇਤ ਕਈ ਹੋਰ ਮੈਂਬਰ ਵੀ ਹਾਜ਼ਰ ਸਨ | ਪ੍ਰੈੱਸ ਕਲੱਬ ਘਨੌਰ ਦੇ ਮੈਂਬਰਾਂ ਨੇ ਕਿਹਾ ਕਿ ਅੱਗੇ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰੱਖੇ ਜਾਣਗੇ ਤਾਂ ਜੋ ਸਮਾਜ ਦੇ ਪਿਛੜੇ ਵਰਗਾਂ ਦੀ ਮਦਦ ਕੀਤੀ ਜਾ ਸਕੇ |