ਬਨੂੜ, 4 ਜੁਲਾਈ (ਭੁਪਿੰਦਰ ਸਿੰਘ)-ਬਨੂੜ ਬੈਰੀਅਰ ਚੌਂਕ ’ਤੇ ਲੰਘੀ ਰਾਤ ਹੋਈ ਫਾਇਰਿੰਗ ਵਿਚ ਬਨੂੜ ਦਾ ਇੱਕ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜੋ ਜਨਰਲ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਰਾਤ ਕਰੀਬ ਇੱਕ ਵਜੇ ਦੀ ਦੱਸੀ ਜਾ ਰਹੀ ਹੈ, ਜਦੋਂ ਜੀਰਕਪੁਰ ਵਿਖੇ ਕੱਪੜੇ ਸਿਲਾਈ ਦਾ ਕੰਮ ਕਰਦੇ ਜਸਪ੍ਰੀਤ ਸਿੰਘ ਕਾਲੀ ਪੁੱਤਰ ਹਰਨੇਕ ਸਿੰਘ ਵਾਸੀ ਬਨੂੜ ਆਪਣੇ ਦੋਸਤਾਂ ਨਾਲ ਕੰਮ ਤੋਂ ਘਰ ਪਰਤਦੇ ਸਮੇਂ ਬਨੂੜ ਬੈਰੀਅਰ ’ਤੇ ਲੱਗਦੀ ਰੇਹੜੀਆਂ ’ਤੇ ਖਾਣ-ਪੀਣ ਦਾ ਸਾਮਾਨ ਲੈਣ ਲਈ ਖੜ੍ਹੇ ਸਨ । ਇਸੇ ਦੌਰਾਨ ਉਨ੍ਹਾਂ ਕੋਲ ਇੱਕ ਕਾਲੇ ਰੰਗ ਦੀ ਸਕਾਰਪਿਓ ਗੱਡੀ ਰੁਕੀ, ਜਿਸ ’ਚੋ ਦੋ ਨੌਜਵਾਨ ਉੱਤਰੇ ਤੇ ਉਨ੍ਹਾਂ ਕਾਲੀ ਨਾਲ ਗੱਲਬਾਤ ਕੀਤੀ ਤੇ ਕੁਝ ਨੋਕ ਝੋਕ ਤੋਂ ਬਾਅਦ ਉਸ ’ਤੇ ਤਾਬੜ-ਤੋੜ ਫਾਇਰਿੰਗ ਕਰ ਦਿੱਤੀ। ਜਿਸ ਨਾਲ ਕਾਲੀ ਦੇ ਗੋਲੀਆਂ ਲੱਗੀਆਂ । ਗੰਭੀਰ ਜਖ਼ਮੀ ਹੋਣ ’ਤੇ ਉਹ ਧਰਤੀ ’ਤੇ ਡਿੱਗ ਗਿਆ ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਬੈਰੀਅਰ ਚੌਂਕ ’ਤੇ ਦਿਨ-ਰਾਤ ਪੁਲਿਸ ਨਾਕਾ ਹੋਣ ਕਾਰਨ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਸੂਚਨਾਂ ਮਿਲਦੇ ਹੀ ਥਾਣਾ ਮੁਖੀ ਬਨੂੜ ਅਰਸ਼ਦੀਪ ਸ਼ਰਮਾ ਵੀ ਭਾਰੀ ਸੁਰੱਖਿਆ ਲੈ ਕੇ ਮੌਕੇ ’ਤੇ ਪੁੱਜ ਗਏ। ਪੁਲਿਸ ਨੇ ਜ਼ਖ਼ਮੀ ਨੌਜਵਾਨ ਨੂੰ ਚੰਡੀਗੜ੍ਹ ਦੇ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ। ਇਹ ਵੀ ਪਤਾ ਲੱਗਾ ਹੈ, ਕਿ ਹਮਲਾਵਰ ਵੀ ਬਨੂੜ ਦੇ ਹੀ ਦੱਸੇ ਜਾ ਰਹੇ ਹਨ, ਜੋ ਤਿੰਨੇ ਇੱਕ ਦੂਜੇ ਨੂੰ ਜਾਣਦੇ ਹਨ । ਜਸਪ੍ਰੀਤ ਕਾਲੀ ਦੇ ਦੋਸਤ ਰਾਕੇਸ਼ ਕੁਮਾਰ ਨੇ ਦੱਸਿਆ ਕਿ ਕਾਲੀ ਦੇ ਬਾਂਹ ਤੇ ਇੱਕ ਪੱਟ ਵਿਚ ਗੋਲੀ ਵੱਜੀ ਹੈ। ਉਨ੍ਹਾਂ ਕਿਹਾ ਕਿ ਕਾਲੀ ਦੀ ਹਾਲਤ ਸਥਿਰ ਹੈ। ਉਨ੍ਹਾਂ ਕਿਹਾ ਕਿ 27 ਸਾਲਾ ਕਾਲੀ ਅਣਵਿਆਹਿਆ ਹੈ ਅਤੇ ਲੰਮੇ ਸਮੇਂ ਤੋਂ ਜੀਰਕਪੁਰ ਵਿਖੇ ਇਕ ਨਾਮਵਰ ਟੇਲਰ ਕੋਲ ਸਿਲਾਈ ਦਾ ਕੰਮ ਕਰਕੇ ਪਰਿਵਾਰ ਦਾ ਸਹਾਰਾ ਬਣਦਾ ਆ ਰਿਹਾ ਹੈ । ਰਾਤ ਹੋਈ ਫਾਇਰਿੰਗ ਕਾਰਨ ਸ਼ਹਿਰ ਵਾਸੀਆਂ ਵਿਚ ਸਹਿਮ ਪਾਇਆ ਜਾ ਰਿਹਾ ਹੈ । ਥਾਣਾ ਮੁਖੀ ਬਨੂੜ ਅਰਸ਼ਦੀਪ ਸ਼ਰਮਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਗੋਲਡੀ ਸ਼ੇਰਗਿੱਲ ਰਾਜਪੁਰਾ ਤੇ ਸ਼ਿਵਾ ਬਨੂੜ ਵਜੋਂ ਹੋਈ ਹੈ । ਜਿਨ੍ਹਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਹੈ । ਉਨ੍ਹਾਂ ਕਿਹਾ ਕਿ ਇਹ ਮਾਮਲਾ ਆਪਸੀ ਰੰਜ਼ਿਸ ਦਾ ਲਗਦਾ ਹੈ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀ ਹੋਈ।