ਪਟਿਆਲਾ, 8 ਜੁਲਾਈ (ਮਨਦੀਪ ਸਿੰਘ ਖਰੌੜ)-ਸਥਾਨਕ ਜੇਲ ’ਚੋਂ ਅਕਸਰ ਮੋਬਾਈਲ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਣ ਦੇ ਮਾਮਲਿਆਂ ਕਾਰਨ ਸੁਰਖ਼ੀਆਂ ’ਚ ਰਹਿੰਦੀ ਹੈ। ਪਿਛਲੇ ਦਿਨੀਂ 15 ਮੋਬਾਈਲ ਤੇ ਭਾਰੀ ਮਾਤਰਾ ’ਚ ਜ਼ਰਦੇ ਦੀਆਂ ਪੁੜੀਆਂ ਬਰਾਮਦ ਕੀਤੀਆਂ ਗਈਆਂ ਸਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਟਿਆਲਾ ਜੇਲ ਦੀਆਂ ਐਨੀਆਂ ਉੱਚੀਆਂ ਦੀਵਾਰਾਂ ਹੋਣ ਦੇ ਬਾਵਜੂਦ ਵੀ ਜੇਲ ਅੰਦਰ ਬਾਹਰੋਂ ਪਤਾ ਨਹੀਂ ਕੌਣ ਅੰਦਰ ਪੈਕਟ ਸੁੱਟ ਦਿੰਦਾ ਹੈ ਅਤੇ ਫੇਰ ਇਹ ਪੈਕਟ ਅੰਦਰੋਂ-ਅੰਦਰ ਕਿਵੇਂ ਬੰਦੀਆਂ ਕੋਲ ਪਹੁੰਚ ਜਾਂਦੇ ਹਨ, ਹਾਲੇ ਤਕ ਇਹ ਸਵਾਲ ਦਾ ਜਵਾਬ ਜੇਲ ਪ੍ਰਸ਼ਾਸਨ ਵਲੋਂ ਜਨਤਕ ਨਹੀਂ ਕੀਤਾ ਗਿਆ। ਪਿੱਛੇ ਕਈ ਕੇਸਾਂ ’ਚ ਬਾਹਰੋਂ ਕੱੁਝ ਵਿਅਕਤੀ ਗੇਂਦ ਨੂੰ ਕੱਟ ਕੇ ਉਸ ’ਚ ਸਿੰਮ ਕਾਰਡ ਜਾਂ ਹੋਰ ਸਮਾਨ ਜੇਲ ’ਚ ਸੁੱਟ ਦਿੰਦੇ ਹਨ ਅਤੇ ਉਹ ਸਮਾਨ ਬੰਦੀਆਂ ਕੋਲ ਵੀ ਪਹੁੰਚ ਜਾਂਦਾ ਹੈ। ਇਸ ਮਾਮਲੇ ਨੂੰ ਲੈ ਕੇ ਕਈ ਵਾਰ ਜੇਲ ਦੇ ਮੁਲਾਜ਼ਮਾਂ ਨੂੰ ਸਸਪੈਂਡ ਵੀ ਕੀਤਾ ਗਿਆ ਪਰ ਇਹ ਕਾਲਾ ਕਾਰੋਬਾਰ ਹਾਲੇ ਤਕ ਖ਼ਤਮ ਨਹੀਂ ਹੋਇਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਲ ਵਿਚ ਜੈਮਰ ਹੋਣ ਦੇ ਬਾਵਜੂਦ ਵੀ ਬੰਦੀਆਂ ਦੇ ਮੋਬਾਈਲ ਕਿਵੇਂ ਚੱਲ ਰਹੇ ਹਨ ਇਹ ਵੀ ਇਕ ਸਵਾਲ ਬਣਿਆ ਹੋਇਆ ਹੈ। ਬਾਹਰੋਂ ਇਹ ਪਦਾਰਥ ਕਿਸ ਦੇ ਕਹਿਣ ’ਤੇ ਅੰਦਰ ਸੁੱਟੇ ਜਾਂਦੇ ਹਨ ਅਤੇ ਅੰਦਰੋਂ ਇਹ ਮੋਬਾਈਲ ਤੇ ਹੋਰ ਪਦਾਰਥ ਕੌਣ ਮੰਗਵਾ ਰਿਹਾ ਹੈ ਇਹ ਤਾਂ ਜੇਲ ਵਿਭਾਗ ਜਾਂ ਪੁਲਿਸ ਹੀ ਦਸ ਸਕਦੀ ਹੈ। ਪਹਿਲਾਂ ਵੀ ਇਸ ਮਾਮਲੇ ’ਚ ਕਈ ਕੇਸ ਦਰਜ ਹੋਏ ਹਨ। ਇਸੇ ਦੌਰਾਨ ਅੱਜ 9 ਮੋਬਾਈਲ ਤੇ 10 ਜ਼ਰਦੇ ਦੀਆਂ ਪੁੜੀਆਂ ਤਲਾਸ਼ੀ ਦੌਰਾਨ ਬਰਾਮਦ ਕੀਤੀਆਂ ਗਈਆਂ ਹਨ। ਇਸ ਸੰਬੰਧੀ ਸਹਾਇਕ ਸੁਪਰਡੈਂਟ ਕਰਨੈਲ ਸਿੰਘ ਨੇ ਥਾਣਾ ਤਿ੍ਰਪੜੀ ’ਚ ਸ਼ਿਕਾਇਤ ਦਰਜ ਕਰਵਾਈ ਕਿ ਜਦੋਂ ਉਹ ਜੇਲ ’ਚ ਗਸ਼ਤ ਕਰ ਰਹੇ ਸਨ ਤਾਂ ਹਵਾਲਾਤੀ ਰੋਹਨ ਕੁਮਾਰ ਮੋਬਾਈਲ ਦੀ ਵਰਤੋਂ ਕਰ ਰਿਹਾ ਸੀ ਜਿਸ ਤੋਂ 1 ਮੋਬਾਈਲ ਤੇ ਸਿੰਮ ਕਾਰਡ ਬਰਾਮਦ ਹੋਇਆ ਹੈ। ਇੰਝ ਹੀ ਸਹਾਇਕ ਸੁਪਰਡੈਂਟ ਸਰਤਾਜ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਗਸ਼ਤ ਦੌਰਾਨ ਜੇਲ ਅੰਦਰ ਬਰਾਮਦ ਹੋਏ ਪੈਕਟਾਂ ’ਚੋਂ 3 ਟੱਚ ਮੋਬਾਈਲ, 3 ਕੀਪੈਡ ਵਾਲੇ ਮੋਬਾਈਲ ਅਤੇ 10 ਜ਼ਰਦੇ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ। ਬੈਰਕ ਦੇ ਬਾਥਰੂਮ ਦੀ ਤਲਾਸ਼ੀ ਦੌਰਾਨ 2 ਮੋਬਾਈਲ ਉੱਥੋਂ ਹੋਰ ਬਰਾਮਦ ਹੋਏ। ਜਿਸ ਆਧਾਰ ’ਤੇ ਪੁਲਿਸ ਨੇ ਹਵਾਲਾਤੀ ਰੋਹਨ ਕੁਮਾਰ ਅਤੇ ਅਣਪਛਾਤੇ ਬੰਦੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਸੰਬੰਧੀ ਜਦੋਂ ਪਟਿਆਲਾ ਜੇਲ ਦੇ ਸੁਪਰਡੈਂਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਨਾਲ ਰਾਬਤਾ ਨਹੀਂ ਹੋ ਸਕਿਆ।