ਜੈਤੋ, 13 ਜੂਨ (ਗੁਰਚਰਨ ਸਿੰਘ ਗਾਬੜੀਆ)-ਸਥਾਨਕ ਬਠਿੰਡਾ ਰੋਡ 'ਤੇ ਸਥਿਤ ਨਹਿਰੀ ਕੋਠੀ ਦੇ ਨੇੜਲੀ ਸ਼ਹਿਰੀ ਕਾਲੋਨੀ ਦੇ ਲੋਕਾਂ ਨੂੰ ਬਿਜਲੀ ਸਪਲਾਈ ਯਕੀਨੀ ਨਾ ਮਿਲਣ ਕਰਕੇ ਲੋਕਾਂ ਵਿਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਅੱਤ ਦੀ ਗਰਮੀ ਦੇ ਚੱਲਦਿਆਂ ਜ਼ਿਆਦਾ ਸਮਾਂ ਬਿਜਲੀ ਬੰਦ ਰਹਿਣ ਕਰਕੇ ਬਿਜਲੀ 'ਤੇ ਚੱਲਣ ਵਾਲੇ ਯੰਤਰ ਬੰਦ ਹੋ ਜਾਂਦੇ ਹਨ | ਅੱਤ ਦੀ ਗਰਮੀ 'ਚ ਬੱਚਿਆਂ ਤੇ ਬਜ਼ੁਰਗਾਂ ਦਾ ਜਿਉਣਾ ਮੁਸ਼ਕਿਲ ਹੋ ਜਾਂਦਾ ਹੈ ਪਰ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਵਲੋਂ ਨਹਿਰੀ ਕੋਠੀ ਦੇ ਨੇੜਲੀ ਸ਼ਹਿਰੀ ਕਲੋਨੀ ਨੂੰ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ ਤੇ 24 ਘੰਟੇ ਬਿਜਲੀ ਸਪਲਾਈ ਦੇਣ ਵਿਚ ਪੂਰੀ ਤਰ੍ਹਾਂ ਨਕਾਮ ਸਾਬਤ ਹੋ ਰਹੀ ਹੈ | ਉਕਤ ਸਮੱਸਿਆਂ ਸਬੰਧੀ ਮਹਿਕਮੇ ਦੇ ਉੱਚ ਅਧਿਕਾਰੀਆਂ ਤੇ ਸਬੰਧਿਤ ਜੇ.ਈ ਨੂੰ ਮਿਲਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਜਾ ਚੁੱਕਿਆ ਹੈ ਪਰ ਅਧਿਕਾਰੀ ਟੱਸ ਤੋਂ ਮੱਸ ਨਹੀਂ ਹੋ ਰਹੇ ਤੇ ਇਸ ਸ਼ਹਿਰੀ ਕਲੋਨੀ ਨੂੰ ਪੇਂਡੂ ਖੇਤਰ ਨਾਲ ਜੋੜਿਆ ਹੋਇਆ ਹੈ | ਲੋਕਾ ਨੇ ਕਿਹਾ ਕਿ ਕਿਸੇ ਵਜ੍ਹਾ ਕਰਕੇ ਬਿਜਲੀ ਬੰਦ ਹੋ ਵੀ ਜਾਵੇ ਤਾਂ ਬਿਜਲੀ ਚਾਲੂ ਕਰਨਾ ਜ਼ਰੂਰੀ ਨਹੀਂ ਸਮਝਿਆ ਜਾਂਦਾ ਹੈ ਕਿਉਂਕਿ ਸਥਾਨਕ ਵਾਟਰ ਵਰਕਸ ਦੇ ਸਾਹਮਣੇ ਲੱਗੀ ਹੋਈ ਸਵਿੱਚ ਨੂੰ ਕੱਟ ਦੇਣ ਤੋਂ ਬਾਅਦ ਸਵਿੱਚ ਲਗਾਉਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ | ਲੋਕਾਂ ਨੇ ਦੱਸਿਆ ਕਿ ਸਥਾਨਕ ਵਾਟਰ ਵਰਕਸ ਦੇ ਸਾਹਮਣੇ ਲੱਗੀ ਹੋਈ ਸਵਿੱਚ ਕੁਝ ਸਮਾਂ ਪਹਿਲਾਂ ਬਠਿੰਡਾ ਰੋਡ 'ਤੇ ਸਥਿਤ ਰਾਧਾ ਸਵਾਮੀ ਡੇਰੇ ਦੇ ਕੋਲ ਇਹ ਸਵਿੱਚ ਲੱਗੀ ਹੋਈ ਸੀ ਤੇ ਸਾਰੇ ਸ਼ਹਿਰ ਦੀ ਬਿਜਲੀ ਆਮ ਵਾਂਗ ਚਲਦੀ ਸੀ ਪਰ ਬਿਜਲੀ ਬੋਰਡ ਤੇ ਅਧਿਕਾਰੀਆਂ ਨੇ ਪਤਾ ਨਹੀਂ ਕਿਹੜੇ ਸਵਾਰਥ ਹੇਠ ਰਾਧਾ ਸਵਾਮੀ ਡੇਰੇ ਦੇ ਕੋਲੋਂ ਸਵਿੱਚ ਪੁੱਟ ਕੇ ਵਾਟਰ ਵਰਕਸ ਦੇ ਸਾਹਮਣੇ ਲਗਾ ਦਿੱਤੀ | ਜਦ ਤੋਂ ਇਸ ਸਵਿੱਚ ਦਾ ਟਿਕਾਣਾ ਬਦਲਿਆ ਗਿਆ ਹੈ ਉਦੋਂ ਤੋਂ ਹੀ ਸ਼ਹਿਰੀ ਲੋਕਾਂ ਨੂੰ ਭਾਰੀ ਦਿੱਤਕ ਪ੍ਰੇਸ਼ਾਨੀ ਪੇਸ਼ ਆ ਰਹੀ ਹੈ ਅਤੇ ਇਸ ਕਲੋਨੀ ਨੂੰ ਪੇਂਡੂ ਖੇਤਰ ਨਾਲ ਜੋੜਿਆ ਹੋਇਆ ਹੈ | ਜਦ ਕਿ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਦੇ ਜੇ.ਈ ਨੂੰ ਵਾਰ-ਵਾਰ ਸਵਿੱਚ ਨੂੰ ਪੁਰਣੇ ਦਾ ਟਿਕਾਣਾ ਬਦਲਣ ਲਈ ਕਿਹਾ ਜਾ ਚੁੱਕਿਆ ਹੈ ਪਰ ਜੇ.ਈ ਸਾਹਿਬ ਤਾਂ ਕਹਿੰਦੇ ਹਨ ਕਿ ਉਸ ਨੂੰ ਐਸਟੀਮੇਂਟ ਬਣਾਉਣਾ ਪਵੇਗਾ | ਜਿਸ ਲਈ ਲਗਦਾ ਜੇ.ਈ ਕੋਲ ਸਮਾ ਨਹੀਂ ਹੈ | ਬੇਸੱਕ ਵਾਰ-ਵਾਰ ਬਿਜਲੀ ਬੰਦ ਹੁੰਦੀ ਹੈ ਤੇ ਹੁੰਦੀ ਰਹੇ | ਲੋਕਾਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਦੇ ਡੀ.ਸੀ ਅਤੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਵਿੱਚ ਨੂੰ ਪੁਰਾਣੀ ਥਾਂ 'ਤੇ ਲਗਾਇਆ ਜਾਵੇ ਤੇ ਕਲੋਨੀ ਨੂੰ 24 ਘੰਟੇ ਬਿਜਲੀ ਸਪਲਾਈ ਨਾਲ ਜੋੜਿਆ ਜਾਵੇ |